ਮਹਾਰਾਸ਼ਟਰ : ਅਜੀਤ ਪਵਾਰ ਨੇ ਡਿਪਟੀ ਸੀ.ਐੱਮ. ਅਹੁਦੇ ਤੋਂ ਦਿੱਤਾ ਅਸਤੀਫ਼ਾ

11/26/2019 2:29:54 PM

ਮਹਾਰਾਸ਼ਟਰ— ਮਹਾਰਾਸ਼ਟਰ 'ਚ ਚੱਲ ਰਹੇ ਸਿਆਸੀ ਡਰਾਮੇ ਦਰਮਿਆਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਮੀਡੀਆ ਰਿਪੋਰਟਸ ਅਨੁਸਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇ ਤੌਰ 'ਤੇ ਸ਼ਨੀਵਾਰ ਨੂੰ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਨੇ ਤਿੰਨ ਦਿਨਾਂ ਬਾਅਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਉਨ੍ਹਾਂ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ। ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ ਨੂੰ ਦੁਪਹਿਰ 3.30 ਵਜੇ ਮੀਡੀਆ ਨਾਲ ਗੱਲ ਕਰਨ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਖੁਦ ਦੇਵੇਂਦਰ ਫੜਨਵੀਸ ਅਹੁਦੇ ਤੋਂ ਅਤਸੀਫ਼ੇ ਦਾ ਐਲਾਨ ਕਰ ਸਕਦੇ ਹਨ। ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਅਜੀਤ ਪਵਾਰ ਨੂੰ ਲੈ ਕੇ ਕਿਆਸ ਲੱਗਣ ਲੱਗੇ ਸਨ।
 

ਅਜੀਤ ਸ਼ਰਦ ਪਵਾਰ ਦੇ ਖੇਮੇ 'ਚ ਆ ਸਕਦੇ ਹਨ ਵਾਪਸ
ਸੁਪ੍ਰਿਆ ਸੁਲੇ ਦੇ ਪਤੀ ਸਦਾਨੰਦ ਨਾਲ ਅਜੀਤ ਪਵਾਰ ਦੀ ਮੁਲਾਕਾਤ ਦੀਆਂ ਖਬਰਾਂ ਸਨ ਅਤੇ ਉਦੋਂ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਸ਼ਰਦ ਪਵਾਰ ਦੇ ਖੇਮੇ 'ਚ ਵਾਪਸ ਆ ਸਕਦੇ ਹਨ। ਇਸ ਦਰਮਿਆਨ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਦੀਆਂ ਅਟਕਲਾਂ ਇਸ ਲਈ ਤੇਜ਼ ਹਨ ਕਿਉਂਕਿ ਸੁਪਰੀਮ ਕੋਰਟ ਵਲੋਂ ਬੁੱਧਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ 'ਚ ਫਲੋਰ ਟੈਸਟ ਦੇ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਮਵਾਰ ਸ਼ਾਮ ਨੂੰ ਸ਼ਿਵ ਸੈਨਾ, ਐੱਨ.ਸੀ.ਪੀ. ਅਤੇ ਕਾਂਗਰਸ ਨੇ 162 ਵਿਧਾਇਕਾਂ ਦੀ ਇਕ ਹੋਟਲ 'ਚ ਪਰੇਡ ਕਰਵਾਈ ਸੀ। ਉਸ ਦੇ ਬਾਅਦ ਤੋਂ ਹੀ ਫੜਨਵੀਸ ਲਈ ਬਹੁਮਤ ਸਾਬਤ ਕਰਨ ਦੀ ਰਾਹ ਮੁਸ਼ਕਲ ਮੰਨੀ ਜਾ ਰਹੀ ਸੀ।
 

ਮਹਾਰਾਸ਼ਟਰ ਦੇ ਹਾਲਾਤਾਂ ਨੂੰ ਲੈ ਕੇ ਹੋਈ ਗੱਲ
ਦਿੱਲੀ 'ਚ ਸੰਸਦ ਸੈਸ਼ਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ.ਪੀ. ਨੱਢਾ ਦਰਮਿਆਨ ਵੀ ਇਕ ਮੁਲਾਕਾਤ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਮਹਾਰਾਸ਼ਟਰ ਦੇ ਹਾਲਾਤਾਂ ਨੂੰ ਲੈ ਕੇ ਗੱਲ ਹੋਈ ਹੈ।
 

ਪ੍ਰੋਟੇਮ ਸਪੀਕਰ ਦੀ ਮੰਗ
ਇਸ ਦਰਮਿਆਨ ਸੁਪਰੀਮ ਕੋਰਟ ਵਲੋਂ ਫਲੋਰ ਟੈਸਟ ਦੇ ਆਦੇਸ਼ ਤੋਂ ਬਾਅਦ ਉਤਸ਼ਾਹਤ ਵਿਰੋਧੀ ਖੇਮੇ ਨੇ ਰਾਜਪਾਲ ਤੋਂ ਕਾਂਗਰਸ ਦੇ ਸੀਨੀਅਰ ਵਿਧਾਇਕ ਬਾਲਾ ਸਾਹਿਬ ਥੋਰਾਟ ਨੂੰ ਪ੍ਰੋਟੇਮ ਸਪੀਕਰ ਬਣਾਉਣ ਦੀ ਮੰਗ ਕੀਤੀ ਹੈ। ਐੱਨ.ਸੀ.ਪੀ. ਦੇ ਨੇਤਾ ਜਯੰਤ ਪਾਟਿਲ ਨੇ ਕਿਹਾ ਕਿ ਅਸੀਂ ਸੀਨੀਅਰ ਦੇ ਆਧਾਰ 'ਤੇ ਗਵਰਨਰ ਤੋਂ ਬਾਲਾ ਸਾਹਿਬ ਥੋਰਾਟ ਨੂੰ ਪ੍ਰੋਟੇਮ ਸਪੀਕਰ ਬਣਾਉਣ ਦੀ ਮੰਗ ਕੀਤੀ ਹੈ।


DIsha

Content Editor

Related News