ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਬੱਚਿਆਂ ਨੂੰ ਖਤਰਾ, ਪਿਛਲੇ ਸਾਲ ਦੇਸ਼ ''ਚ 1.16 ਲੱਖ ਨਵਜਾਤਾਂ ਦੀ ਹੋਈ ਮੌਤ

10/21/2020 12:34:41 PM

ਨਵੀਂ ਦਿੱਲੀ- ਪੰਜਾਬ ਅਤੇ ਹਰਿਆਣਾ 'ਚ ਕਿਸਾਨਾਂ ਵਲੋਂ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ ਦੀ ਹਵਾ ਪਿਛਲੇ ਕਈ ਦਿਨਾਂ ਤੋਂ ਜ਼ਹਿਰੀਲੀ ਹੋ ਗਈ ਹੈ। ਇਸ ਵਿਚ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਦੀ ਸਭ ਤੋਂ ਵੱਧ ਕੀਮਤ ਨਵਜਾਤ ਸ਼ਿਸ਼ੂਆਂ ਨੂੰ ਚੁਕਾਉਣੀ ਪੈ ਰਹੀ ਹੈ। ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਦੇਸ਼ 'ਚ 1.16 ਲੱਖ ਨਵਜਾਤ ਸ਼ਿਸ਼ੂਆਂ ਦੀ ਹਵਾ ਪ੍ਰਦੂਸ਼ਣ ਕਾਰਨ ਮੌਤ ਹੋਈ ਸੀ। ਹਾਲਾਂਕਿ ਬੀਤੇ 10 ਸਾਲਾਂ 'ਚ ਘਰੇਲੂ ਪ੍ਰਦੂਸ਼ਣ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਗਿਣਤੀ 'ਚ 5 ਕਰੋੜ ਦੀ ਕਮੀ ਆਈ ਹੈ। ਇਸ ਦਾ ਮੁੱਖ ਕਾਰਨ ਸਵੱਛ ਫਿਊਲ ਦਾ ਵਿਸਥਾਰ ਹੋਣਾ ਹੈ। ਮੰਗਲਵਾਰ ਨੂੰ ਜਾਰੀ ਸਟੇਟ ਆਫ਼ ਗਲੋਬਲ ਏਅਰ-2020 ਰਿਪੋਰਟ ਅਨੁਸਾਰ ਇਨ੍ਹਾਂ ਮੌਤਾਂ ਲਈ ਘਰੇਲੂ ਅਤੇ ਬਾਹਰੀ 2 ਕਿਸਮ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ। ਇਕ ਘਰ ਦੇ ਬਾਹਰ ਹਵਾ 'ਚ ਪੀਐੱਮ 2.5 ਦੀ ਜ਼ਿਆਦਾ ਮਾਤਰਾ ਹੋਣਾ ਅਤੇ ਦੂਜਾ, ਘਰ ਦੇ ਭੋਜਨ ਲਈ ਠੋਸ ਫਿਊਲ ਦੀ ਵਰਤੋਂ ਕਰਨਾ ਹੈ। 

ਅਧਿਐਨ ਅਮਰੀਕਾ ਦੇ ਹੈਲਥ ਇੰਸਟੀਚਿਊਟ ਵਲੋਂ ਕੀਤਾ ਗਿਆ ਹੈ, ਜਿਸ 'ਚ ਹਵਾ ਪ੍ਰਦੂਸ਼ਣ ਨੂੰ ਨਵਜਾਤ ਸ਼ਿਸ਼ੂਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ ਹੈ। ਰਿਪੋਰਟ ਅਨੁਸਾਰ ਦੇਸ਼ 'ਚ ਹਰ ਸਾਲ 16.70 ਲੱਖ ਸ਼ਿਸ਼ੂਆਂ ਦੀ ਮੌਤ ਹੁੰਦੀ ਹੈ ਅਤੇ ਇਸ 'ਚ ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਕਾਰਨ ਹੈ। ਰਿਪੋਰਟ ਅਨੁਸਾਰ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਸਮੇਤ ਦੱਖਣੀ ਏਸ਼ੀਆਈ ਦੇਸ਼ ਸਾਲ 2019 'ਚ ਪੀਐੱਮ 2.5 ਦੇ ਉੱਚੇ ਪੱਧਰ ਦੇ ਮਾਮਲੇ 'ਚ ਸਿਖਰ 10 'ਚ ਰਹੇ ਹਨ। ਰਿਪੋਰਟ ਅਨੁਸਾਰ ਨਵਜਾਤ ਸ਼ਿਸ਼ੂਆਂ ਦਾ ਪਹਿਲਾ ਮਹੀਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਜ਼ੋਖਮ ਭਰਿਆ ਹੁੰਦਾ ਹੈ ਪਰ ਆਈ.ਸੀ.ਐੱਮ.ਆਰ. ਦੇ ਅਧਿਐਨਾਂ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪ੍ਰਾਪਤ ਵਿਗਿਆਨੀ ਪ੍ਰਮਾਣ 'ਚ ਇਹ ਸੰਕੇਤ ਮਿਲੇ ਹਨ ਕਿ ਗਰਭਅਵਸਥਾ ਦੌਰਾਨ ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਆਉਣ ਨਾਲ ਬੱਚੇ ਦਾ ਭਾਰ ਘੱਟ ਹੁੰਦਾ ਹੈ। ਉੱਥੇ ਹੀ ਪ੍ਰਦੂਸ਼ਣ ਨਾਲ ਪ੍ਰੀ-ਮੈਚਿਓਰ ਦੇ ਮਾਮਲੇ ਵੀ ਵੱਧ ਰਹੇ ਹਨ। ਭਾਰ ਘੱਟ ਅਤੇ ਪ੍ਰੀ-ਮੈਚਿਓਰ ਦੋਹਾਂ ਹੀ ਸ਼ਿਸ਼ੂਆਂ ਦੀ ਮੌਤ ਨਾਲ ਜੁੜਿਆ ਹੈ।


DIsha

Content Editor

Related News