ਹਵਾ ਪ੍ਰਦੂਸ਼ਣ: SC ਨੇ ਟਰੱਕਾਂ ਦੀ ਐਂਟਰੀ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਪੁੱਛੇ ਸਵਾਲ
Friday, Nov 22, 2024 - 03:11 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੀ ਰਾਸ਼ਟਰੀ ਰਾਜਧਾਨੀ 'ਚ ਟਰੱਕਾਂ ਦੀ ਐਂਟਰੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨੂੰ ਸਵਾਲ ਕੀਤੇ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ਸਾਡੇ ਲਈ ਇਹ ਮੰਨ ਲੈਣਾ ਬਹੁਤ ਮੁਸ਼ਕਲ ਹੈ ਕਿ ਦਿੱਲੀ ਵਿਚ ਟਰੱਕਾਂ ਦੀ ਐਂਟਰੀ ਰੋਕ ਦਿੱਤੀ ਗਈ ਹੈ। ਬੈਂਚ ਨੇ ਕਿਹਾ ਕਿ ਇਸ ਲਈ ਉਹ ਦਿੱਲੀ ਵਿਚ ਟਰੱਕਾਂ ਦੀ ਐਂਟਰੀ 'ਤੇ ਨਜ਼ਰ ਰੱਖਣ ਲਈ ਕੇਂਦਰ ਨੂੰ 113 ਥਾਵਾਂ 'ਤੇ ਪੁਲਸ ਕਰਮੀਆਂ ਦੀ ਤਾਇਨਾਤੀ ਦਾ ਨਿਰਦੇਸ਼ ਦੇਣ ਦਾ ਪ੍ਰਸਤਾਵ ਰੱਖਦੀ ਹੈ।
ਦਿੱਲੀ ਸਰਕਾਰ ਵਲੋਂ ਪੇਸ਼ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿਚ ਕੁੱਲ 113 ਐਂਟਰੀ ਬਿੰਦੂ ਹਨ, ਜਿਸ ਵਿਚੋਂ 13 ਟਰੱਕਾਂ ਲਈ ਹਨ। ਕੋਰਟ ਦਿੱਲੀ-NCR 'ਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਮਾਮਲੇ 'ਤੇ ਸੁਣਵਾਈ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ 'ਚ ਚਿੰਤਾਜਨਕ ਵਾਧਾ ਰੋਕਣ ਲਈ ਸਖ਼ਤ ਕਦਮ ਚੁੱਕਣ ਵਿਚ ਦੇਰੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਕੋਰਟ ਨੇ ਦਿੱਲੀ-NCR ਸੂਬਿਆਂ ਨੂੰ ਗਰੈਪ-4 ਤਹਿਤ ਪਾਬੰਦੀ ਲਾਗੂ ਕਰਨ ਲਈ ਤੁਰੰਤ ਟੀਮ ਦਾ ਗਠਨ ਕਰਨ ਦਾ 18 ਨਵੰਬਰ ਨੂੰ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਅਗਲਾ ਹੁਕਮ ਦਿੱਤੇ ਜਾਣ 'ਤੇ ਇਹ ਪਾਬੰਦੀ ਲਾਗੂ ਰਹੇਗੀ।