ਭਾਰਤ ਨੂੰ ਚੀਨ ਨਾਲ ਨਿਵੇਸ਼ ਨੂੰ ਲੈ ਕੇ ਖੁੱਲ੍ਹਾ ਰਵੱਈਆ ਰੱਖਣਾ ਚਾਹੀਦੈ : ਪਨਗੜੀਆ
Thursday, Dec 12, 2024 - 09:27 PM (IST)
ਨਵੀਂ ਦਿੱਲੀ, (ਭਾਸ਼ਾ)- 16ਵੇਂ ਵਿੱਤ ਆਯੋਗ ਦੇ ਚੇਅਰਮੈਨ ਅਰਵਿੰਦ ਪਨਗੜੀਆ ਨੇ ਕਿਹਾ ਕਿ ਅਮਰੀਕਾ ਤੇ ਜਰਮਨੀ ਵਾਂਗ ਭਾਰਤ ਨੂੰ ਵੀ ਕੁੱਝ ਖੇਤਰਾਂ ਨੂੰ ਛੱਡ ਕੇ ਚੀਨ ਨਾਲ ਆਉਣ ਵਾਲੇ ਨਿਵੇਸ਼ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਕਿਸੇ ਵਿਸ਼ੇਸ਼ ਖੇਤਰ ’ਚ ਚੀਨ ਤੋਂ ਨਿਵੇਸ਼ ਸਵੀਕਾਰ ਕਰ ਰਹੇ ਹਨ ਤੇ ਭਾਰਤ ਵੀ ਅਜਿਹੇ ਨਿਵੇਸ਼ ਦਾ ਸਵਾਗਤ ਕਰ ਸਕਦਾ ਹੈ। ਹਾਲਾਂਕਿ, ਪਨਗੜੀਆ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਸੰਭਾਵੀ ‘ਗੈਰ-ਦੋਸਤਾਨਾ ਦੇਸ਼ਾਂ’ ਦੇ ਨਿਵੇਸ਼ਾਂ ਨੂੰ ਲੈ ਕੇ ਸਾਵਧਾਨੀ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਪਨਗੜੀਆ ਨੇ ਸੀ. ਆਈ. ਆਈ. ਗਲੋਬਲ ਈਕੋਨਾਮਿਕ ਪਾਲਿਸੀ ਫੌਰਮ 2024 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਮਰੀਕਾ ਚੀਨ ਤੋਂ ਨਿਵੇਸ਼ ਲੈ ਰਿਹਾ ਹੈ, ਜੇਕਰ ਜਰਮਨੀ ਨਿਵੇਸ਼ ਲੈ ਰਿਹਾ ਹੈ ਤਾਂ ਮੈਂ ਵੀ ਉਸ ਨਿਵੇਸ਼ ਲਈ ਤਿਆਰ ਹਾਂ। ਜਿਨ੍ਹਾਂ ਸੈਕਟਰਾਂ ਨੂੰ ਤੁਸੀਂ ਬਾਹਰ ਕੱਢਣਾ ਚਾਹੁੰਦੇ ਹੋ ਉਹ ਤੁਲਨਾਮਕਤ ਤੌਰ ’ਤੇ ਘੱਟ ਹਨ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਹੋਰ ਦੇਸ਼ ਜ਼ਿਆਦਾ ਖੇਤਰਾਂ ’ਚ ਚੀਨ ਦੇ ਨਿਵੇਸ਼ ਨੂੰ ਸੀਮਤ ਕਰਨਗੇ।
ਆਰਥਿਕ ਸਰਵੇਖਣ 2023-24 ਨੇ ਸਥਾਨਕ ਨਿਰਮਾਣ ਨੂੰ ਹੁਲਾਰਾ ਦੇਣ ਤੇ ਦਰਾਮਦ ਬਾਜ਼ਾਰ ਨੂੰ ਟੈਪ ਕਰਨ ਲਈ ਚੀਨ ਤੋਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੂੰ ਆਕਰਸ਼ਿਤ ਕਰਨ ਦੀ ਵਕਾਲਤ ਕੀਤੀ ਹੈ। ਆਰਥਿਕ ਸਮੀਖਿਆ 'ਚ ਕਿਹਾ ਗਿਆ ਕਿ ਚੀਨ ਤੋਂ ਐੱਫ.ਡੀ.ਆਈ. ਵਹਾਅ ਵਿੱਚ ਵਾਧਾ ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦੀ ਭਾਗੀਦਾਰੀ ਵਧਾਉਣ ਅਤੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।