ਹਵਾ ਪ੍ਰਦੂਸ਼ਣ ਕਾਰਨ NCR ਦੇ 14 ਸ਼ਹਿਰ ''ਡਾਰਕ ਜ਼ੋਨ'' ''ਚ, ਦਿਨ ''ਚ ਹੀ ਛਾਇਆ ਹਨ੍ਹੇਰਾ

Tuesday, Nov 10, 2020 - 05:18 PM (IST)

ਨੋਇਡਾ (ਭਾਸ਼ਾ)— ਦਿੱਲੀ ਨਾਲ ਲੱਗਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਮੰਗਲਵਾਰ ਨੂੰ ਹਵਾ ਗੁਣਵੱਤਾ 'ਗੰਭੀਰ ਸ਼੍ਰੇਣੀ' 'ਚ ਬਣੀ ਹੋਈ ਹੈ। ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵਧੇਰੇ ਹੋਣ ਦੀ ਵਜ੍ਹਾ ਕਰ ਕੇ ਦਿਨ ਵਿਚ ਵੀ ਹਨ੍ਹੇਰਾ ਛਾਇਆ ਹੋਇਆ ਹੈ। ਇਸ ਤਰ੍ਹਾਂ ਐੱਨ. ਸੀ. ਆਰ. ਦੇ 14 ਸ਼ਹਿਰ 'ਡਾਰਕ ਜ਼ੋਨ' ਜਾਂ ਖ਼ਤਰਨਾਕ ਸ਼੍ਰੇਣੀ ਵਿਚ ਹਨ। ਪ੍ਰਦੂਸ਼ਣ ਸੂਚਕਾਂਕ ਐਪ 'ਸਮੀਰ' ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਨੋਇਡਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਰਿਹਾ। ਇੱਥੇ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 492 ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ: ਦਿੱਲੀ-NCR 'ਚ ਪ੍ਰਦੂਸ਼ਣ ਦਾ ਕਹਿਰ, ਹਵਾ ਗੁਣਵੱਤਾ 'ਐਮਰਜੈਂਸੀ' ਸ਼੍ਰੇਣੀ ਦੇ ਕਰੀਬ ਪਹੁੰਚੀ

ਐਪ ਮੁਤਾਬਕ ਇਸ ਤਰ੍ਹਾਂ ਦਿੱਲੀ ਦਾ ਏ. ਕਿਊ. ਆਈ. 487, ਗਾਜ਼ੀਆਬਾਦ ਦਾ 474, ਆਗਰਾ ਦਾ 445, ਹਾਪੁੜ ਦਾ 402, ਫਰੀਦਾਬਾਦ ਦਾ 476, ਗੁਰੂਗ੍ਰਾਮ ਦਾ 466, ਬਹਾਦਰਗੜ੍ਹ ਦਾ 443 ਅਤੇ ਭਿਵਾਨੀ ਦਾ ਏ. ਕਿਊ. ਆਈ. 479 ਦਰਜ ਕੀਤਾ ਗਿਆ। ਖੇਤਰੀ ਪ੍ਰਦੂਸ਼ਣ ਅਧਿਕਾਰੀ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮਹਿੰਗੀਆਂ ਡੀਜ਼ਲ ਗੱਡੀਆਂ ਤੋਂ ਨਿਕਲਣ ਵਾਲਾ ਧੂੰੂਆਂ, ਨਿਰਮਾਣ ਗਤੀਵਿਧੀਆਂ ਅਤੇ ਸੜਕਾਂ 'ਤੇ ਉਡਣ ਵਾਲੀ ਧੂੜ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ 'ਚ ਸਾੜੀ ਜਾ ਰਹੀ ਪਰਾਲੀ ਵੀ ਇਸ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਦੱਸਿਆ ਕਿ ਨੋਇਡਾ ਅਥਾਰਟੀ ਅਤੇ ਉੱਤਰ ਪ੍ਰਦੇਸ਼ ਕੰਟਰੋਲ ਬੋਰਡ ਨੇ ਸੋਮਵਾਰ ਨੂੰ ਐੱਨ. ਜੀ. ਟੀ. ਦੇ ਨਿਯਮਾਂ ਦੇ ਉਲੰਘਣ ਅਤੇ ਪ੍ਰਦੂਸ਼ਣ ਫੈਲਾਉਣ 'ਤੇ ਵੱਖ-ਵੱਖ ਏਜੰਸੀਆਂ 'ਤੇ 29 ਲੱਖ 8 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ।

ਇਹ ਵੀ ਪੜ੍ਹੋ: 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਦੱਸਣਯੋਗ ਹੈ ਕਿ 0 ਅਤੇ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ', 51 ਅਤੇ 100 ਦਰਮਿਆਨ 'ਸੰਤੋਸ਼ਜਨਕ', 101 ਅਤੇ 200 ਦਰਮਿਆਨ 'ਮੱਧਮ', 201 ਅਤੇ 300 ਦਰਮਿਆਨ 'ਖਰਾਬ', 301 ਅਤੇ 400 ਦਰਮਿਆਨ 'ਬੇਹੱਦ ਖਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ' (ਐਮਰਜੈਂਸੀ) ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।


Tanu

Content Editor

Related News