ਏਅਰ ਇੰਡੀਆ ਨੇ ਵੰਦੇ ਭਾਰਤ ਮਿਸ਼ਨ ਤਹਿਤ ਤੀਜੇ ਪੜਾਅ ਦੀ ਬੁਕਿੰਗ ਕੀਤੀ ਸ਼ੁਰੂ
Saturday, Jun 06, 2020 - 08:59 AM (IST)
ਨਵੀਂ ਦਿੱਲੀ : ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਤਹਿਤ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਬ੍ਰਿਟੇਨ ਸਮੇਤ ਵੱਖ-ਵੱਖ ਦੇਸ਼ਾਂ ਲਈ ਕਰੀਬ 300 ਜਹਾਜ਼ਾਂ ਲਈ ਬੁਕਿੰਗ ਸ਼ੁਰੂ ਕੀਤੀ। ਬੁਕਿੰਗ ਸ਼ੁਰੂ ਹੁੰਦੇ ਹੀ ਯਾਤਰੀਆਂ ਵੱਲੋਂ ਬਹੁਤ ਜ਼ਿਆਦਾ ਮੰਗ ਵੱਧ ਗਈ ਅਤੇ ਪਹਿਲੇ 2 ਘੰਟਿਆਂ ਦੇ ਅੰਦਰ ਹੀ ਇਸ ਦੀ ਵੈਬਸਾਈਟ ਨੂੰ 6 ਕਰੋੜ ਲੋਕਾਂ ਨੇ ਵੇਖਿਆ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਖੁੱਲਣ ਦੇ ਕੁੱਝ ਘੰਟੇ ਦੌਰਾਨ ਏਅਰ ਇੰਡੀਆ ਦੀ ਵੈਬਸਾਈਟ ਨੇ ਠੀਕ ਤਰੀਕੇ ਨਾਲ ਕੰਮ ਨਹੀਂ ਕੀਤਾ ਅਤੇ ਜ਼ਿਆਦਾਤਰ ਉਡਾਣਾਂ ਦੀਆਂ ਟਿਕਟਾਂ ਵਿਕ ਗਈਆਂ।
ਦੱਸ ਦੇਈਏ ਕਿ ਏਅਰ ਇੰਡੀਆ ਨੇ ਸ਼ੁੱਕਰਵਾਰ ਦੀ ਸ਼ਾਮ 5 ਵਜੇ ਬੁਕਿੰਗ ਸ਼ੁਰੂ ਕੀਤੀ ਅਤੇ 6 ਵੱਜ ਕੇ 8 ਮਿੰਟ 'ਤੇ ਇਸ ਨੇ ਟਵਿੱਟਰ 'ਤੇ ਲਿਖਿਆ, ਮਿਸ਼ਨ ਵੰਦੇ ਭਾਰਤ-3 ਦੇ ਤਹਿਤ ਸੀਟਾਂ ਦੀ ਮੰਗ ਬਹੁਤ ਜ਼ਿਆਦਾ ਹੈ। ਵੈਬਸਾਈਟ 'ਤੇ ਉਡਾਣਾਂ ਲਈ ਬੁਕਿੰਗ ਨੂੰ ਚਰਣਬੱਧ ਤਰੀਕੇ ਨਾਲ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਜਵਾਬ ਵਿਚ ਵਿਕੀ ਰਵੀ ਨਾਮ ਦੇ ਯਾਤਰੀ ਨੇ ਟਵੀਟ ਕੀਤਾ, ਮੈਂ ਪਿਛਲੇ 1 ਘੰਟੇ ਤੋਂ ਜਹਾਜ਼ ਵਿਚ ਸੀਟ ਬੁੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤੁਹਾਡੀ ਵੈਬਸਾਈਟ ਕਰੈਸ਼ ਕਰ ਗਈ। ਕ੍ਰਿਪਾ ਬੁਕਿੰਗ ਵਿਚ ਮੇਰੀ ਮਦਦ ਕਰੋ। ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੌਰਾਨ 10 ਜੂਨ ਤੋਂ 1 ਜੁਲਾਈ ਦਰਮਿਆਨ ਯੂਰਪ, ਆਸਟਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਅਫਰੀਕਾ ਲਈ ਕਰੀਬ 300 ਉਡਣਾਂ ਸੰਚਾਲਿਤ ਕਰੇਗਾ।