ਰਿਟਾਇਰ ਹੋ ਰਿਹੈ MiG-21 ਸਕਵਾਡ੍ਰਨ, ਅਭਿਨੰਦਨ ਨੇ ਇਸ ਨਾਲ ਢੇਰ ਕੀਤਾ ਸੀ ਪਾਕਿ ਦਾ F-16

Tuesday, Sep 20, 2022 - 03:53 PM (IST)

ਰਿਟਾਇਰ ਹੋ ਰਿਹੈ MiG-21 ਸਕਵਾਡ੍ਰਨ, ਅਭਿਨੰਦਨ ਨੇ ਇਸ ਨਾਲ ਢੇਰ ਕੀਤਾ ਸੀ ਪਾਕਿ ਦਾ F-16

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਆਪਣੇ ਮਿਗ-21 ਸਕਵਾਡ੍ਰਨ ਸਵਾਰਡ ਆਰਮਜ਼ ਨੂੰ ਰਿਟਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਫਰਵਰੀ 2019 ’ਚ ਬਾਲਾਕੋਟ ਏਅਰ ਸਟਰਾਈਕ ਦੇ ਇਕ ਦਿਨ ਬਾਅਦ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਢੇਰ ਕੀਤਾ ਸੀ, ਉਸ ਸਮੇਂ ਉਹ ਮਿਗ-21 ਹੀ ਉਡਾ ਰਹੇ ਸਨ। 

ਇਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸਵਾਰਡ ਆਰਮਜ਼ ਮਿਗ-21 ਹਵਾਈ ਫ਼ੌਜ ਦੇ ਬਾਕੀ ਬਚੇ 4 ਸਕਵਾਡ੍ਰਨ ’ਚੋਂ ਇਕ ਹੈ। ਯੋਜਨਾ ਮੁਤਾਬਕ ਸ਼੍ਰੀਨਗਰ ’ਚ ਤਾਇਨਾਤ ਇਸ ਸਕਵਾਡ੍ਰਨ ਨੂੰ ਸਤੰਬਰ ਦੇ ਅਖੀਰ ਤੱਕ ਰਿਟਾਇਰ ਕਰ ਦਿੱਤਾ ਜਾਵੇਗਾ। ਮਿਗ-21 ਦੇ ਬਾਕੀ ਬਚੇ 3 ਸਕਵਾਡ੍ਰਨ ਨੂੰ 2025 ਤੱਕ ਫ਼ੌਜ ਤੋਂ ਹਟਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮਿਗ-21 ਜੈੱਟ ਜਹਾਜ਼ ਨੂੰ ਲੱਗਭਗ 4 ਦਹਾਕੇ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਬੇੜੇ ’ਚ ਸ਼ਾਮਲ ਕੀਤਾ ਗਿਆ ਸੀ, ਇਨ੍ਹਾਂ ’ਚੋਂ ਕਈ ਜਹਾਜ਼ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। 

PunjabKesari

ਮਿਗ-21 ਨੇ ਮਾਰ ਡਿਗਾਇਆ ਸੀ ਪਾਕਿਸਤਾਨ ਦਾ ਐੱਫ-16 ਲੜਾਕੂ ਜਹਾਜ਼

ਪੁਲਵਾਮਾ ਅੱਤਵਾਦੀ ਹਮਲੇ ਦੇ ਦੋ ਹਫ਼ਤੇ ਬਾਅਦ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜੈੱਟ ਜਹਾਜ਼ਾਂ ਨੇ 26 ਫਰਵਰੀ 2019 ਨੂੰ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਅੱਤਵਾਦੀ ਟ੍ਰੇਨਿੰਗ ਕੈਂਪਾਂ ’ਤੇ ਏਅਰ ਸਟਰਾਈਕ ਕੀਤੀ ਸੀ। ਜਵਾਬ ’ਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ 27 ਫਰਵਰੀ ਨੂੰ ਬੌਖਲਾਹਟ ’ਚ ਆ ਕੇ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਹਵਾਈ ਫ਼ੌਜ ਨੇ ਉਸ ਨੂੰ ਖਦੇੜ ਦਿੱਤਾ ਸੀ। ਉਸ ਸਮੇ ਵਿੰਗ ਕਮਾਂਡਰ ਰਹੇ ਅਭਿਨੰਦਨ  ਵਰਧਮਾਨ ਮਿਗ-21 ਉਡਾ ਰਹੇ ਸਨ। ਉਨ੍ਹਾਂ ਨੇ ਉਸੇ ਜਹਾਜ਼ ਨਾਲ ਪਾਕਿਸਤਾਨ ਦੇ ਐੱਫ-16 ਨੂੰ ਮਾਰ ਡਿਗਾਇਆ ਸੀ, ਹਾਲਾਂਕਿ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਦੀ ਸਰਹੱਦ ਅੰਦਰ ਕਰੈਸ਼ ਹੋ ਗਿਆ, ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ  ਸੀ। ਭਾਰਤ ਦੇ ਦਬਾਅ ’ਚ ਆ ਕੇ ਪਾਕਿਸਤਾਨ ਨੇ ਕਰੀਬ 60 ਘੰਟਿਆਂ ਬਾਅਦਅਭਿਨੰਦਨ ਨੂੰ ਛੱਡਿਆ ਸੀ। ਸਾਲ 2019 ’ਚ ਉਨ੍ਹਾਂ ਦੇ ਇਸ ਸਾਹਸ ਭਰੇ ਕੰਮ ਕਰ ਕੇ ਆਜ਼ਾਦੀ ਦਿਹਾੜੇ ਮੌਕੇ ‘ਵੀਰ ਚੱਕਰ’ ਨਾਲ ਸਨਮਾਨਤ ਕੀਤਾ ਗਿਆ ਸੀ।


author

Tanu

Content Editor

Related News