ਪਾਕਿ ਦੇ ਨਾਲ ਹੀ ਚੀਨ ਦੀ ਸਰਹੱਦ ’ਤੇ ਵੀ ਤਾਇਨਾਤ ਕੀਤੀਆਂ ਜਾਣਗੀਆਂ ਐੱਸ-400 ਮਿਜ਼ਾਈਲਾਂ: ਫੌਜ ਮੁਖੀ

07/18/2022 11:53:09 AM

ਨਵੀਂ ਦਿੱਲੀ– ਇਕ ਪਾਸੇ ਜਿੱਥੇ ਚੀਨ ਦੀ ਸਰਹੱਦੀ ਰੇਖਾ ’ਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਫੌਜੀ ਪੱਧਰ ਦੀ 16ਵੀਂ ਵਾਰਤਾ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਸਾਡੀ ਫੌਜ ਵੀ ਚਾਲਬਾਜ਼ਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਰਹੀ ਹੈ।

ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਮਾਰਸ਼ਲ ਵੀ.ਆਰ. ਚੌਧਰੀ ਨੇ ਐਤਵਾਰ ਕਿਹਾ ਕਿ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਪਾਕਿਸਤਾਨ ਦੇ ਨਾਲ ਹੀ ਚੀਨ ਦੀ ਸਰਹੱਦ ’ਤੇ ਵੀ ਤਾਇਨਾਤ ਕੀਤੀ ਜਾ ਰਹੀ ਹੈ।

ਅਜ਼ਾਦੀ ਦੇ ਅਮ੍ਰਿਤ ਦੇ ਜਸ਼ਨ ਵਿੱਚ ਹਵਾਈ ਫੌਜ ਦੇ ਮੁਖੀ ਨੇ ਚੀਨੀ ਘੁਸਪੈਠ ਬਾਰੇ ਚਰਚਾ ਕੀਤੀ। ਚੀਨੀ ਹਵਾਈ ਫੌਜ ਦੇ ਉਲੰਘਣ ’ਤੇ ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਸੈਕਟਰ ’ਚ ਐਲ. ਏ. ਸੀ. ਦੇ ਨਾਲ-ਨਾਲ ਰਾਡਾਰਾਂ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਸੀਂ ਸਰਹੱਦਾਂ ਦੇ ਨਾਲ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੇ ਹਥਿਆਰਾਂ ਦੀ ਸਮਰੱਥਾ ਨੂੰ ਵੀ ਵਧਾਇਆ ਹੈ। ਇਸ ਦੇ ਨਾਲ ਹੀ ਨਿਗਰਾਨੀ ਲਈ ਮੋਬਾਈਲ ਚੌਕੀਆਂ ਵਧਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਪਾਰ ਹਵਾਈ ਹਰਕਤਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਵੀ ਚੀਨੀ ਪਾਸਿਓਂ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਚਿਤ ਉਪਾਅ ਕੀਤੇ ਜਾਂਦੇ ਹਨ। ਜੂਨ ਦੇ ਆਖ਼ਰੀ ਹਫ਼ਤੇ ਵਿੱਚ ਇੱਕ ਚੀਨੀ ਜਹਾਜ਼ ਨੇ ਕਥਿਤ ਤੌਰ ’ਤੇ ਭਾਰਤੀ ਐਲ. ਏ. ਸੀ. ਦੀ ਉਲੰਘਣਾ ਕੀਤੀ ਸੀ। ਚੀਨੀ ਫੌਜ ਦੇ ਲੜਾਕੂ ਜਹਾਜ਼ਾਂ ਦਾ ਮੁਕਾਬਲਾ ਕਰਨ ਲਈ ਭਾਰਤੀ ਲੜਾਕੂ ਜਹਾਜ਼ ਲਾਂਚ ਕੀਤੇ ਗਏ ਸਨ।


Rakesh

Content Editor

Related News