ਔਰਤਾਂ ਨੂੰ ਆਕਰਸ਼ਿਤ ਕਰਨ ਲਈ ਬਣਿਆ ਫਰਜ਼ੀ ਏਅਰਫੋਰਸ ਅਫ਼ਸਰ, IAF ਦੀਆਂ ਚੀਜ਼ਾਂ ਬਰਾਮਦ

Monday, May 19, 2025 - 12:30 PM (IST)

ਔਰਤਾਂ ਨੂੰ ਆਕਰਸ਼ਿਤ ਕਰਨ ਲਈ ਬਣਿਆ ਫਰਜ਼ੀ ਏਅਰਫੋਰਸ ਅਫ਼ਸਰ, IAF ਦੀਆਂ ਚੀਜ਼ਾਂ ਬਰਾਮਦ

ਪੁਣੇ- ਦੱਖਣੀ ਕਮਾਂਡ ਮਿਲਟਰੀ ਇੰਟੈਲੀਜੈਂਸ ਅਤੇ ਪੁਲਸ ਵੱਲੋਂ ਕੀਤੀ ਗਈ ਇਕ ਸਾਂਝੀ ਮੁਹਿੰਮ ਦੌਰਾਨ ਪੁਣੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਹਵਾਈ ਫ਼ੌਜ ਦਾ ਅਫ਼ਸਰ ਬਣ ਕੇ ਇੱਥੇ ਰਹਿ ਰਿਹਾ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਦੋਸ਼ੀ ਗੌਰਵ ਕੁਮਾਰ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਐਤਵਾਰ ਰਾਤ ਨੂੰ ਫੜਿਆ ਗਿਆ।

IAF ਦੀਆਂ ਕਈ ਚੀਜ਼ਾਂ ਬਰਾਮਦ

ਅਧਿਕਾਰੀਆਂ ਨੇ ਕਿਹਾ ਕਿ ਡੂੰਘਾਈ ਨਾਲ ਜਾਂਚ ਅਤੇ ਨਿਗਰਾਨੀ ਤੋਂ ਬਾਅਦ ਦੱਖਣੀ ਕਮਾਂਡ ਮਿਲਟਰੀ ਇੰਟੈਲੀਜੈਂਸ ਅਤੇ ਖਰਾੜੀ ਪੁਲਸ ਸਟੇਸ਼ਨ ਦੀ ਇਕ ਸਾਂਝੀ ਟੀਮ ਨੇ ਰਾਤ 8.40 ਵਜੇ ਦੇ ਕਰੀਬ ਖਰਾੜੀ ਖੇਤਰ ਤੋਂ ਦੋਸ਼ੀ ਨੂੰ ਫੜ ਲਿਆ। ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਮੁਲਜ਼ਮ ਤੋਂ ਭਾਰਤੀ ਹਵਾਈ ਫ਼ੌਜ ਦੀਆਂ ਦੋ ਟੀ-ਸ਼ਰਟਾਂ, ਫੌਜ ਦੀ ਵਰਦੀ ਵਾਲੀ ਪੈਂਟ, ਬੂਟ ਅਤੇ ਭਾਰਤੀ ਹਵਾਈ ਫ਼ੌਜ ਦੇ ਦੋ ਬੈਜ ਅਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ ਹਨ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 168 (ਫੌਜ, ਜਲ ਸੈਨਾ ਜਾਂ ਹਵਾਈ ਫ਼ੌਜ ਦੇ ਕਰਮੀ ਦਾ ਰੂਪ ਧਾਰਨ ਕਰਨਾ) ਦੇ ਤਹਿਤ ਪੁਲਸ ਸਟੇਸ਼ਨ ਵਿਚ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮ ਦੇ ਜਾਅਲੀ ਤਰੀਕੇ ਨਾਲ ਫੌਜੀ ਕਰਮੀ ਵਜੋਂ ਰਹਿਣ ਦੇ ਉਦੇਸ਼ ਅਤੇ ਇਸ ਨਾਲ ਸਬੰਧਤ ਸੁਰੱਖਿਆ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਔਰਤਾਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਸੀ

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨੇ ਭਾਰਤੀ ਹਵਾਈ ਫ਼ੌਜ ਦੀ ਵਰਦੀ ਪਹਿਨੀ ਹੋਈ ਸੀ ਅਤੇ ਆਪਣੇ ਆਪ ਨੂੰ ਹਵਾਈ ਫ਼ੌਜ ਦੇ ਅਧਿਕਾਰੀ ਵਜੋਂ ਪੇਸ਼ ਕੀਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹ ਔਰਤਾਂ ਨੂੰ ਪ੍ਰਭਾਵਿਤ ਕਰ ਸਕੇ ਅਤੇ ਝੂਠੇ ਬਹਾਨੇ ਉਨ੍ਹਾਂ ਨਾਲ ਸਬੰਧ ਬਣਾ ਸਕੇ। ਉਸ ਨੇ ਇਸ ਤਰ੍ਹਾਂ ਕੁਝ ਔਰਤਾਂ ਨੂੰ ਵੀ ਫਸਾਇਆ ਵੀ ਹੈ। ਪੁਲਸ ਨੇ ਦੋਸ਼ੀ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 168 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੋਸ਼ੀ ਗੌਰਵ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਮਿਲਟਰੀ ਇੰਟੈਲੀਜੈਂਸ ਵਲੋਂ ਨਿਗਰਾਨੀ ਹੇਠ ਸੀ ਅਤੇ ਉਸ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਸੀ।


author

Tanu

Content Editor

Related News