'ਏਅਰ ਬਬਲ' ਤਹਿਤ ਅੱਜ ਤੋਂ ਚੋਣਵੇਂ ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਸ਼ੁਰੂ

07/17/2020 5:32:00 PM

ਨਵੀਂ ਦਿੱਲੀ (ਯੂ. ਐੱਨ. ਆਈ.) : ਸਰਕਾਰ ਨੇ ਚੋਣਵੇਂ ਦੇਸ਼ਾਂ ਨਾਲ 'ਏਅਰ ਬਬਲ' ਦੇ ਤਹਿਤ ਸੀਮਤ ਗਿਣਤੀ 'ਚ ਯਾਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ 'ਚ ਅਮਰੀਕਾ ਲਈ 17 ਜੁਲਾਈ ਯਾਨੀ ਅੱਜ ਤੋਂ ਅਤੇ ਫਰਾਂਸ ਲਈ 18 ਜੁਲਾਈ ਯਾਨੀ ਕੱਲ੍ਹ ਤੋਂ ਸੇਵਾਵਾਂ ਸ਼ੁਰੂ ਹੋ ਰਹੀਆਂ ਹਨ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਅਮਰੀਕੀ ਜਹਾਜ਼ ਸੇਵਾ ਕੰਪਨੀ ਡੇਲਟਾ ਏਅਰਲਾਇੰਸ 17 ਜੁਲਾਈ ਤੋਂ 31 ਜੁਲਾਈ ਦਰਮਿਆਨ ਦਿੱਲੀ ਤੋਂ ਨੇਵਾਰਕ ਅਤੇ ਸਾਨ ਫਰਾਂਸਿਸਕੋ ਲਈ ਉਡਾਣਾਂ ਦੀ ਆਪ੍ਰੇਟਿੰਗ ਕਰੇਗੀ। ਨੇਵਾਰਕ ਲਈ ਰੋਜ਼ਾਨਾ ਉਡਾਣਾਂ ਹੋਣਗੀਆਂ ਜਦੋਂ ਕਿ ਸਾਨ ਫਰਾਂਸਿਸਕੋ ਲਈ ਹਫ਼ਤੇ 'ਚ 3 ਉਡਾਣਾਂ ਹੋਣਗੀਆਂ। ਇਸੇ ਤਰ੍ਹਾਂ ਏਅਰ ਫਰਾਂਸ ਨਾਲ ਪੈਰਿਸ ਤੋਂ ਦਿੱਲੀ, ਮੁੰਬਈ ਅਤੇ ਬੇਂਗਲੁਰੂ ਦੀਆਂ ਉਡਾਣਾਂ ਲਈ ਸਮਝੌਤਾ ਹੋਇਆ ਹੈ। ਏਅਰਲਾਈਨ ਇਨ੍ਹਾਂ ਭਾਰਤੀ ਸ਼ਹਿਰਾਂ ਤੋਂ ਪੈਰਿਸ ਲਈ 18 ਜੁਲਾਈ ਤੋਂ 1 ਅਗਸਤ ਦਰਮਿਆਨ 28 ਉਡਾਣਾਂ ਦੀ ਆਪ੍ਰੇਟਿੰਗ ਕਰੇਗੀ। ਜਰਮਨੀ ਦੀ ਜਹਾਜ਼ ਸੇਵਾ ਕੰਪਨੀ ਲੁਫਥਾਂਸਾ ਨਾਲ ਵੀ ਗੱਲਬਾਤ ਮੁੱਢਲੇ ਪੜਾਅ 'ਚ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਲੋਂ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੇ ਜਹਾਜ਼ ਏਅਰ ਬਬਲ ਦੇ ਤਹਿਤ ਉਡਾਣ ਭਰਨਗੇ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ 'ਚ ਨਿੱਜੀ ਏਅਰਲਾਇੰਸ ਵੀ ਇਨ੍ਹਾਂ 'ਚ ਰੁਚੀ ਦਿਖਾਉਣਗੀਆਂ। ਪੁਰੀ ਨੇ ਸਪੱਸ਼ਟ ਕੀਤਾ ਕਿ ਇਹ ਨਿਯਮਿਤ ਕੌਮਾਂਤਰੀ ਉਡਾਣਾਂ ਨਹੀਂ ਹੋਣਗੀਆਂ ਅਤੇ ਫਿਲਹਾਲ ਨਿਯਮਿਤ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਦੱਸਿਆ ਕਿ ਨਿਯਮਾਂ ਅਤੇ ਸਿਹਤ ਪ੍ਰਕਿਰਿਆਵਾਂ ਦੇ ਬੁਲਬੁਲੇ ਦੀ ਸੀਮਾ 'ਚ ਹੀ ਫਿਲਹਾਲ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਇਸ ਨੂੰ ਏਅਰ ਬਬਲ ਨਾਂ ਦਿੱਤਾ ਗਿਆ ਹੈ। ਇਸ 'ਚ 3 ਜ਼ਰੂਰੀ ਗੱਲਾਂ ਹਨ। ਦੋਹਾਂ ਦੇਸ਼ਾਂ ਦਰਮਿਆਨ ਯਾਤਰਾ ਲਈ ਮੰਗ ਹੋਵੇ, ਦੋਵਾਂ ਦੇਸ਼ਾਂ ਦੇ ਨਿਯਮ ਇਕ-ਦੂਜੇ ਦੇ ਯਾਤਰੀਆਂ ਦੀ ਆਵਾਜਾਈ ਦੀ ਇਜਾਜ਼ਤ ਦਿੰਦੇ ਹੋਣ ਅਤੇ ਜਹਾਜ਼ ਸੇਵਾ ਕੰਪਨੀਆਂ ਉਡਾਣਾਂ ਲਈ ਤਿਆਰ ਹੋਣ।


cherry

Content Editor

Related News