ਏਅਰ ਅਰੇਬੀਆ ਦੇ ਜਹਾਜ਼ ਦਾ ਇੰਜਣ ਫੇਲ, ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ
Wednesday, Jun 08, 2022 - 11:28 AM (IST)
ਨਵੀਂ ਦਿੱਲੀ- ਬੰਗਲਾਦੇਸ਼ ਦੇ ਚਟਗਾਂਵ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਜਾਣ ਵਾਲੇ ਏਅਰ ਅਰੇਬੀਆ ਦੇ ਇਕ ਹਵਾਈ ਜਹਾਜ਼ ਨੂੰ ਸੋਮਵਾਰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ ਕਿਉਂਕਿ ਜਹਾਜ਼ ਦਾ ਇਕ ਇੰਜਣ ਆਸਮਾਨ ਵਿਚ ਖਰਾਬ ਹੋ ਗਿਆ ਸੀ।
ਭਾਰਤੀ ਹਵਾਬਾਜ਼ੀ ਰੈਗੂਲੇਟਰੀ ਅਥਾਰਿਟੀ (ਡੀ. ਜੀ. ਸੀ. ਏ.) ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡੀ. ਜੀ. ਸੀ. ਏ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਨੇ ਅਹਿਮਦਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਚੇਤਾਵਨੀ ਦੇ ਸੰਕੇਤ ਕਾਰਨ ਚਾਲਕ ਦਲ ਨੇ ਐਮਰਜੈਂਸੀ ਕਾਲ ਕੀਤੀ ਅਤੇ ਜਹਾਜ਼ ਨੂੰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਵਿਚ ਕੋਈ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਜ਼ਖਮੀ ਨਹੀਂ ਹੋਇਆ। ਜਹਾਜ਼ ਸੁਰੱਖਿਅਤ ਉਤਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡੀ. ਜੀ. ਸੀ. ਏ. ਦੇ ਮੁੰਬਈ ਖੇਤਰੀ ਦਫ਼ਤਰ ਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨਾਲ ਸਲਾਹ-ਮਸ਼ਵਰਾ ਕਰ ਕੇ ਜਾਂਚ ਲਈ ਅਹਿਮਦਾਬਾਦ ਭੇਜਿਆ ਗਿਆ ਹੈ।