ਕੋਰੋਨਾ ਵੈਕਸੀਨ ਲੱਗਣ ਮਗਰੋਂ ਸੁਰੱਖਿਆ ਕਾਮੇ ਦੀ ਹਾਲਤ ਗੰਭੀਰ, ਏਮਜ਼ ’ਚ ਦਾਖ਼ਲ
Sunday, Jan 17, 2021 - 11:02 AM (IST)
ਨਵੀਂ ਦਿੱਲੀ— ਏਮਜ਼ ਦੇ ਇਕ ਸੁਰੱਖਿਆ ਕਾਮੇ ਨੂੰ ਸ਼ਨੀਵਾਰ ਨੂੰ ਕੋਰੋਨਾ ਦੀ ਵੈਕਸੀਨ ‘ਕੋਵੈਕਸੀਨ’ ਲੈਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਕੋਵਿਡ ਵੈਕਸੀਨ ਲੈਣ ਤੋਂ ਬਾਅਦ ਉਸ ਨੂੰ ਐਲਰਜੀ ਹੋ ਗਈ। ਡਾਕਟਰਾਂ ਵਲੋਂ ਕੁਝ ਦਵਾਈਆਂ ਜ਼ਰੀਏ ਉਸ ਦੀ ਐਲਰਜੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਏਮਜ਼ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ 22 ਸਾਲਾ ਸਿਹਤ ਕਾਮੇ ਨੂੰ ਟੀਕਾ ਲੱਗਣ ਮਗਰੋਂ ਮੁਸ਼ਕਲਾਂ ਪੇਸ਼ ਆਈਆਂ ਹਨ। ਮਰੀਜ਼ ਏਮਜ਼ ਵਿਚ ਬਤੌਰ ਸੁਰੱਖਿਆ ਕਾਮਾ ਨਿਯੁਕਤ ਹੈ।
ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਮੁਤਾਬਕ ਸੁਰੱਖਿਆ ਕਾਮੇ ਨੂੰ ਟੀਕਾ ਲਾਇਆ ਗਿਆ। ਉਸ ਨੇ ਧੜਕਨ ਵਧਣ ਦੀ ਸ਼ਿਕਾਇਤ ਕੀਤੀ ਅਤੇ 15-20 ਮਿੰਟ ’ਚ ਉਸ ਦੀ ਚਮੜੀ ’ਤੇ ਧੱਫੜ ਸਾਹਮਣੇ ਆਏ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਗੁਲੇਰੀਆਂ ਨੇ ਕਿਹਾ ਕਿ ਉਸ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਹੈ। ਸਾਵਧਾਨੀ ਦੇ ਤੌਰ ’ਤੇ ਉਸ ਨੂੰ ਪੂਰੀ ਰਾਤ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਅਤੇ ਉਸ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ। ਉਸ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਛੁੱਟੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ 16 ਜਨਵਰੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਅੰਕੜਿਆਂ ਮੁਤਾਬਕ ਇਕ ਗੰਭੀਰ ਅਤੇ 51 ਮਾਮੂਲੀ ਮਾਮਲੇ ਉਨ੍ਹਾਂ ਸਿਹਤ ਕਾਮਿਆਂ ਵਿਚ ਸਾਹਮਣੇ ਆਏ, ਜਿਨ੍ਹਾਂ ਨੂੰ ਦਿੱਲੀ ’ਚ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਕੋਰੋਨਾ ਵਾਇਰਸ ਟੀਕਾ ਲਾਇਆ ਗਿਆ।