2 ਮਹੀਨਿਆਂ ''ਚ ਵੱਡੀ ਗਿਣਤੀ ''ਚ ਕੋਰੋਨਾ ਟੀਕੇ ਹੋਣਗੇ ਉਪਲੱਬਧ : ਏਮਜ਼ ਡਾਇਰੈਕਟਰ ਰਣਦੀਪ ਗੁਲੇਰੀਆ
Saturday, May 15, 2021 - 06:47 PM (IST)
ਨਵੀਂ ਦਿੱਲੀ- ਦੇਸ਼ 'ਚ ਇਕ ਪਾਸੇ ਕੋਰੋਨਾ ਸੰਕਰਮਣ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਹੀ ਕੋਰੋਨਾ ਵੈਕਸੀਨ ਦੀ ਕਮੀ ਵੀ ਲਗਾਤਾਰ ਬਣੀ ਹੋਈ ਹੈ। ਲੋਕਾਂ ਨੂੰ ਟੀਕਾ ਨਹੀਂ ਮਿਲ ਪਾ ਰਿਹਾ ਹੈ ਪਰ ਉਮੀਦ ਹੈ ਕਿ ਅਗਲੇ 2 ਮਹੀਨਿਆਂ 'ਚ ਦੇਸ਼ 'ਚ ਟੀਕੇ ਦੀ ਕਮੀ ਨਹੀਂ ਰਹੇਗੀ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਸ਼ਨੀਵਾਰ ਨੂੰ ਕਿਹਾ ਕਿ 2 ਮਹੀਨਿਆਂ 'ਚ ਵੱਡੀ ਗਿਣਤੀ 'ਚ ਟੀਕੇ ਉਪਲੱਬਧ ਹੋਣਗੇ, ਕਿਉਂਕਿ ਵੈਕਸੀਨ ਉਤਪਾਦਨ ਕੰਪਨੀਆਂ ਆਪਣੇ ਉਤਪਾਦਨ ਪਲਾਂਟ ਖੋਲ੍ਹਣਾ ਸ਼ੁਰੂ ਕਰ ਦੇਣਗੀਆਂ ਅਤੇ ਬਾਹਰੋਂ ਵੀ ਸਾਨੂੰ ਵੈਕਸੀਨ ਮਿਲੇਗੀ।
ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਡਾ. ਗੁਲੇਰੀਆ ਨਾਲ ਕੋਰੋਨਾ ਸੰਕਰਮਣ ਅਤੇ ਵੈਕਸੀਨ ਨੂੰ ਲੈ ਕੇ ਚਰਚਾ ਕੀਤੀ। ਇਸ ਚਰਚਾ 'ਚ ਗੁਲੇਰੀਆ ਨੇ ਕਿਹਾ,''ਜੋ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ ਉਹ ਹੋਰ ਮੈਨੁਫੈਕਚਰਿੰਗ ਪਲਾਂਟ ਖੋਲ੍ਹਣਾ ਸ਼ੁਰੂ ਕਰਨਗੀਆਂ ਤਾਂ ਹੋਰ ਡੋਜ਼ ਉਪਲੱਬਧ ਹੋਣਗੇ। ਕੋਵੀਸ਼ੀਲਡ, ਵੈਕਸੀਨ ਅਤੇ ਸਪੂਤਨਿਕ ਦੇ ਭਾਰਤ 'ਚ ਹੋਰ ਮੈਨੁਫੈਕਚਰਿੰਗ ਪਲਾਂਟ ਵਧਾਏ ਜਾ ਰਹੇ ਹਨ। ਡਾ. ਗੁਲੇਰੀਆ ਨੇ ਕਿਹਾ ਕਿ ਇਕ ਜਾਂ 2 ਮਹੀਨਿਆਂ ਅੰਦਰ ਸਾਰਿਆਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਦਾ ਹੈ। ਇਸ ਲਈ ਇਕ ਰਣਨੀਤੀ ਵਿਕਸਿਤ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਤੈਅ ਸਮੇਂ 'ਚ ਵੱਧ ਤੋਂ ਵੱਧ ਲੋਕਾਂ ਦਾ ਇਸ ਮਹਾਮਾਰੀ ਵਿਰੁੱਧ ਟੀਕਾਕਰਨ ਕੀਤਾ ਜਾ ਸਕੇ।
ਡਾ. ਗੁਲੇਰੀਆ ਨੇ ਕਿਹਾ ਕਿ ਬਲੈਗ ਫੰਗਸ ਦੇ ਵਿਸ਼ਾਣੂੰ ਮਿੱਟੀ, ਹਵਾ ਅਤੇ ਇੱਥੇ ਤੱਕ ਕਿ ਭੋਜਨ 'ਚ ਵੀ ਪਾਏ ਜਾਂਦੇ ਹਨ ਪਰ ਇਹ ਕਮਜ਼ੋਰ ਹੁੰਦੇ ਹਨ ਅਤੇ ਆਮ ਤੌਰ 'ਤੇ ਸੰਕਰਮਣ ਦਾ ਕਾਰਨ ਨਹੀਂ ਬਣਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਪਹਿਲਾਂ ਇਸ ਸੰਕਰਮਣ ਦੇ ਬਹੁਤ ਘੱਟ ਮਾਮਲੇ ਸਨ ਪਰ ਹੁਣ ਕੋਰੋਨਾ ਕਾਰਨ ਇਸ ਦੇ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਹਨ। ਡਾ. ਗੁਲੇਰੀਆ ਨੇ ਕਿਹਾ ਕਿ ਮੌਜੂਦਾ ਸਮੇਂ ਇਸ ਫੰਗਲ ਸੰਕਰਮਣ (ਮਿਊਕਰਮਾਈਕੋਸਿਸ) ਨਾਲ ਪੀੜਤ 23 ਮਰੀਜ਼ਾਂ ਦਾ ਏਮਜ਼ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 20 ਮਰੀਜ਼ ਹਾਲੇ ਵੀ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਬਾਕੀ ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕਈ ਸੂਬਿਆਂ 'ਚ ਬਲੈਕ ਫੰਗਸ ਦੇ 500 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। ਡਾਕਟਰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਫੰਗਸ ਅਤੇ ਬੈਕਟੀਰੀਅਲ ਸੰਕਰਮਣ ਵੱਧ ਮੌਤ ਦਰ ਦਾ ਕਾਰਨ ਬਣ ਰਹੇ ਹਨ।