ਏਮਜ਼ ਨੇ ਦਾਨ ''ਚ ਮਿਲੇ ''ਦਿਲਾਂ'' ਨਾਲ 1000 ਮਰੀਜ਼ਾਂ ਨੂੰ ਬਖਸ਼ੀ ਨਵੀਂ ਜ਼ਿੰਦਗੀ

03/01/2020 3:02:25 PM

ਨਵੀਂ ਦਿੱਲੀ (ਭਾਸ਼ਾ)— ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਡਾਕਟਰਾਂ ਨੇ ਦਾਨ 'ਚ ਮਿਲੇ ਦਿਲ ਦੀ ਮਦਦ ਨਾਲ ਹਾਲ ਹੀ 'ਚ 5 ਸਾਲ ਦੇ ਇਕ ਬੱਚੇ ਦੇ ਵਾਲਵ ਦੀ ਮੁਰੰਮਤ ਕਰ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ। ਏਮਜ਼ ਦੇ ਕਾਰਡੀਓਥੋਰਾਸਿਕ ਐਂਡ ਵੈਸਕੂਲਰ ਡਿਪਾਰਟਮੈਂਟ ਨੇ ਹੋਮੋਗ੍ਰਾਫਟ ਵਾਲਵ ਜ਼ਰੀਏ ਜਨਮ ਤੋਂ ਹੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਜਿਸ ਬੱਚੇ ਦੀ ਜਾਨ ਬਚਾਈ ਹੈ, ਉਹ ਇਸ ਤਰ੍ਹਾਂ ਦਾ 1000ਵਾਂ ਮਰੀਜ਼ ਹੈ। ਡਾ. ਸ਼ਿਵ ਚੌਧਰੀ ਨੇ ਦੱਸਿਆ ਕਿ ਹੋਮੋਗ੍ਰਾਫਟ ਵਾਲਵ ਨੂੰ ਇਕ ਸਰੀਰ ਤੋਂ ਕੱਢ ਕੇ ਦੂਜੇ ਸਰੀਰ 'ਚ ਟਰਾਂਸਪਲਾਂਟ ਕੀਤਾ ਜਾਂਦਾ ਹੈ। ਦਿਲ ਦੀ ਸਰਜਰੀ 'ਚ ਹੋਮੋਗ੍ਰਾਫਟ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਮੋਗ੍ਰਾਫਟ ਵਾਲਵ ਅਤੇ ਟਿਸ਼ੂ ਨੂੰ ਸੜਕ ਹਾਦਸਿਆਂ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੋਂ ਉਨ੍ਹਾਂ ਦੇ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਏਮਜ਼ ਨੂੰ 723 ਲੋਕਾਂ ਦੇ ਪਰਿਵਾਰਾਂ ਨੇ ਦਿਲ ਦਾਨ ਕੀਤੇ, ਜਿਨ੍ਹਾਂ ਤੋਂ 1564 ਵਾਲਵ ਅਤੇ ਟਿਸ਼ੂ ਸੁਰੱਖਿਅਤ ਕੀਤੇ ਗਏ। 

ਚੌਧਰੀ ਨੇ ਦੱਸਿਆ ਕਿ ਇਹ ਦੋ ਤਰ੍ਹਾਂ ਦੇ ਮਰੀਜ਼ਾਂ 'ਚ ਬੇਹੱਦ ਉਪਯੋਗੀ ਹੈ। ਪਹਿਲਾਂ ਉਨ੍ਹਾਂ ਬੱਚਿਆਂ 'ਚ ਜਿਨ੍ਹਾਂ ਦੇ ਦਿਲ 'ਚ ਜਨਮ ਦੇ ਸਮੇਂ ਤੋਂ ਹੀ ਪਰੇਸ਼ਾਨੀ ਹੁੰਦੀ ਹੈ। ਜਿਵੇਂ ਕਿ ਕੁਝ ਬੱਚਿਆਂ 'ਚ ਫੇਫੜਿਆਂ ਨਾਲ ਜੁੜਾਅ ਅਤੇ ਸੱਜੇ ਪਾਸੇ ਦਾ ਦਿਲ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਲਈ ਹੋਮੋਗ੍ਰਾਫਟ ਅਨਮੋਲ ਹੈ। ਦੂਜਾ, ਮਰੀਜ਼ ਦੇ ਖੁਦ ਦੇ ਬੇਕਾਬੂ ਲਾਗ ਕਾਰਨ ਵਾਲਵ ਖਰਾਬ ਹੋ ਜਾਂਦਾ ਹੈ। ਡਾ. ਚੌਧਰੀ ਮੁਤਾਬਕ ਕਿਸੇ ਹਾਦਸੇ 'ਚ ਜਾਂ ਕਿਸੇ ਬਾਹਰੀ ਸੱਟ ਕਾਰਨ ਜਾਨ ਗਵਾਉਣ ਵਾਲੇ ਵਿਅਕਤੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਸਾਨੂੰ ਸਰੀਰ 'ਚੋਂ ਦਿਲ ਕੱਢਣਾ ਹੁੰਦਾ ਹੈ। ਹਾਰਟ ਸਰਜਰੀ ਵਿਚ ਮ੍ਰਿਤਕ ਦੇ ਦਿਲ ਅਤੇ ਹੋਮੋਗ੍ਰਾਫਟ ਤੋਂ 2 ਜਾਂ 4 ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ 'ਚ ਦੋ ਵਾਲਵ, ਏਓਰਟਾ, ਪੇਰੀਕਾਰਡੀਅਮ ਸ਼ਾਮਲ ਹਨ। 

ਡਾ. ਚੌਧਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਪੋਸਟਮਾਰਟਮ ਤੋਂ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਤੋਂ ਅੰਗ ਦਾਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਲਈ ਮੈਡੀਕਲ ਸਵੈ-ਸੇਵੀ ਸੰਸਥਾ ਅਤੇ ਏਮਜ਼ ਸਥਿਤ ਆਰਗੇਨਰਿਟ੍ਰਾਈਵਲ ਐਂਡ ਬੈਂਕਿੰਗ ਆਰਗੇਨਾਈਜੇਸ਼ਨ ਕੋਸ਼ਿਸ਼ਾਂ ਕਰਦੀ ਹੈ। ਜੇਕਰ ਪਰਿਵਾਰ ਵਾਲੇ ਮੰਨ ਜਾਂਦੇ ਹਨ ਤਾਂ ਡਾਕਟਰ ਅਤੇ ਤਕਨੀਕੀ ਮਾਹਰ ਸਰੀਰ 'ਚੋਂ ਦਿਲ ਕੱਢਦੇ ਹਨ, ਜਿਸ ਨੂੰ ਏਮਜ਼ ਦੇ ਹੋਮੋਗ੍ਰਾਫਟ ਵਾਲਬ ਬੈਂਕ 'ਚ ਰੱਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਏਮਜ਼ 'ਚ 1994 'ਚ ਪ੍ਰੋਫੈਸਰ ਏ. ਸੰਪਤ ਵਲੋਂ ਕਾਰਡੀਓਥੋਰੈਸਿਕ ਐਂਡ ਵੈਸਕਿਊਲਰ ਸਰਜਰੀ ਡਿਪਾਰਟਮੈਂਟ 'ਚ ਵਾਲਵ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਇਹ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਸਫਲ ਹਾਰਟ ਵਾਲਵ ਬੈਂਕ ਅਤੇ ਉੱਤਰ ਭਾਰਤ ਦਾ ਇਕੋਂ-ਇਕ ਦਿਲ ਦੇ ਵਾਲਵ ਦਾ ਬੈਂਕ ਹੈ।


Tanu

Content Editor

Related News