ਏਮਜ਼ ਅੱਗ : ਹਸਪਤਾਲ ''ਚ ਸਾਰੀਆਂ ਸੇਵਾਵਾਂ ਬਹਾਲ, ਵਾਰਡ ''ਚ ਵਾਪਸ ਭੇਜੇ ਗਏ ਮਰੀਜ਼
Sunday, Aug 18, 2019 - 04:20 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਸਥਿਤ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੇ ਕੰਪਲੈਕਸ ਵਿਚ ਅੱਗ ਲੱਗਣ ਦੀ ਘਟਨਾ ਦੇ ਇਕ ਦਿਨ ਬਾਅਦ ਐਤਵਾਰ ਨੂੰ ਹਸਪਤਾਲ ਨੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਜਿਨ੍ਹਾਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਸੀ, ਉਨ੍ਹਾਂ ਨੂੰ ਮੁੜ ਤੋਂ ਵਾਰਡ 'ਚ ਵਾਪਸ ਲਿਜਾਇਆ ਗਿਆ। ਹਸਪਾਤਾਲ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਹਸਪਤਾਲ 'ਚ ਸਥਿਤੀ ਦੀ ਸਮੀਖਿਆ ਕੀਤੀ।
ਓਧਰ ਏਮਜ਼ ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਚਾਅ ਉਪਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਏਮਜ਼ ਦੇ ਡਾਇਰੈਕਟਰ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨਾਲ ਸਵੇਰੇ ਸਥਿਤੀ ਦਾ ਜਾਇਜ਼ਾ ਲਿਆ। ਇੱਥੇ ਦੱਸ ਦੇਈਏ ਕਿ ਏਮਜ਼ ਦੇ ਟੀਚਿੰਗ ਬਲਾਕ ਵਿਚ ਸ਼ਨੀਵਾਰ ਭਾਵ ਕੱਲ ਸ਼ਾਮ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ ਜਾਂਚ ਨਮੂਨੇ ਅਤੇ ਮੈਡੀਕਲ ਰਿਪੋਰਟਾਂ ਬਰਬਾਦ ਹੋ ਗਏ ਸਨ।