AIIMS ਭੋਪਾਲ ਨੇ ਇਸ ਦਵਾਈ ਤੋਂ ਕੀਤਾ ਕੋਰੋਨਾ ਇਲਾਜ ਦਾ ਦਾਅਵਾ, ਟਰਾਇਲ ''ਚ 3 ਹੋਏ ਠੀਕ

Saturday, May 16, 2020 - 06:27 PM (IST)

AIIMS ਭੋਪਾਲ ਨੇ ਇਸ ਦਵਾਈ ਤੋਂ ਕੀਤਾ ਕੋਰੋਨਾ ਇਲਾਜ ਦਾ ਦਾਅਵਾ, ਟਰਾਇਲ ''ਚ 3 ਹੋਏ ਠੀਕ

ਭੋਪਾਲ— ਕੋਰੋਨਾ ਵਾਇਰਸ 'ਕੋਵਿਡ-19' ਨਾਲ ਲੜ ਰਹੇ ਡਾਕਟਰ ਅਤੇ ਵਿਗਿਆਨਕ ਹੁਣ ਤੱਕ ਹੋਰ ਰੋਗਾਂ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਅਤੇ ਵੈਕਸੀਨ ਨੂੰ ਵੀ ਇਸ ਦੇ ਇਲਾਜ ਵਿਚ ਇਸਤੇਮਾਲ ਕਰਨ ਲਈ ਟਰਾਇਲ ਕਰ ਰਹੇ ਹਨ। ਕੁਝ ਟਰਾਇਲ ਉਮੀਦ ਵੀ ਜਗਾ ਰਹੇ ਹਨ। ਅਜਿਹਾ ਹੀ ਇਕ ਕਲੀਨਿਕਲ ਟਰਾਇਲ ਇਨ੍ਹੀਂ ਦਿਨੀਂ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਭੋਪਾਲ 'ਚ ਕੋੜ੍ਹ ਰੋਗ ਦੀ ਦਵਾਈ ਮਾਈਕੋਬੈਕਟੀਰੀਅਮ ਡਬਲਿਊ (ਐੱਮ. ਡਬਲਿਊ) 'ਤੇ ਚੱਲ ਰਿਹਾ ਹੈ। ਕਲੀਨਿਕਲ ਟਰਾਇਲ ਦੇ ਚੰਗੇ ਨਤੀਜੇ ਆਏ ਹਨ ਅਤੇ ਟਰਾਇਲ ਲਈ ਰਜਿਸਟਰ 4 ਕੋਰੋਨਾ ਮਰੀਜ਼ਾਂ ਵਿਚੋਂ 3 ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਹਨ। ਠੀਕ ਹੋਏ ਇਨ੍ਹਾਂ ਤਿੰਨੋਂ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।

ਭੋਪਾਲ ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਸਰਮਨ ਸਿੰਘ ਨੇ ਦੱਸਿਆ ਕਿ ਕਿਸੇ ਜ਼ਮਾਨੇ ਵਿਚ ਮਾਈਕੋਬੈਕਟੀਰੀਅਮ ਡਬਲਿਊ ਵੈਕਸੀਨ ਕਹਾਉਂਦੀ ਸੀ ਪਰ ਹੁਣ ਦਵਾਈ ਕਹਾਉਂਦੀ ਹੈ। ਜੇਕਰ ਕਲੀਨਿਕਲ ਟਰਾਇਲ 'ਚ ਇਹ ਕਾਰਗਰ ਸਾਬਤ ਹੋਵੇਗੀ ਤਾਂ ਕੋਰੋਨਾ ਵਾਇਰਸ ਲਈ ਦਵਾਈ ਬਣ ਜਾਵੇਗੀ। ਮਾਈਕੋਬੈਕਟੀਰੀਅਮ ਡਬਲਿਊ ਦਾ ਕੋਰੋਨਾ ਦੇ ਗੰਭੀਰ ਮਰੀਜ਼ਾਂ 'ਤੇ ਕਲੀਨਿਕਲ ਟਰਾਇਲ ਲਈ ਡਰੱਗ ਕੰਟਰੋਲਰ ਆਫ ਇੰਡੀਆ ਤੋਂ ਸੀ. ਐੱਸ. ਆਈ. ਆਰ. ਨੂੰ ਮਨਜ਼ੂਰੀ ਮਿਲੀ ਸੀ, ਜਿਸ ਤੋਂ ਬਾਅਦ ਏਮਜ਼ ਭੋਪਾਲ ਸਮੇਤ 3 ਹਸਪਤਾਲਾਂ ਵਿਚ ਇਸ ਦਾ ਕਲੀਨਿਕਲ ਟਰਾਇਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਜਾਪਾਨ 'ਚ ਪ੍ਰਯੋਗ ਕੀਤੀ ਜਾ ਰਹੀ ਫੈਵੀਪਿਰਵਿਰ ਦਵਾਈ ਦਾ ਇਸਤੇਮਾਲ ਕੋਵਿਡ-19 ਦੇ ਇਲਾਜ 'ਚ ਕੀਤਾ ਜਾਵੇਗਾ।

ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਵਧਾਉਂਦੀ ਹੈ—
ਅਸਲੀਅਤ ਵਿਚ ਮਾਈਕੋਬੈਕਟੀਰੀਅਮ ਡਬਲਿਊ ਦਾ ਇਸਤੇਮਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਹੀਂ ਹੈ, ਸਗੋਂ ਇਹ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਵਧਾਉਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਇਹ ਇਸ ਬੀਮਾਰੀ ਨਾਲ ਲੜਨ ਵਿਚ ਸਹਾਇਕ ਹੁੰਦੀ ਹੈ।


author

Tanu

Content Editor

Related News