ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਸਿਹਤ ''ਚ ਕਾਫ਼ੀ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ
Thursday, Aug 27, 2020 - 01:35 PM (IST)

ਨਵੀਂ ਦਿੱਲੀ- ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਪਿਛਲੇ ਦਿਨੀਂ ਦਾਖ਼ਲ ਕਰਵਾਏ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਸੂਤਰਾਂ ਅਨੁਸਾਰ ਸ਼ਾਹ ਦੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ ਅਤੇ ਉਸ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸੂਤਰਾਂ ਅਨੁਸਾਰ ਜੇਕਰ ਸ਼ਾਹ ਦੀ ਸਿਹਤ 'ਚ ਇਸ ਤੇਜ਼ੀ ਨਾਲ ਸੁਧਾਰ ਹੁੰਦਾ ਰਿਹਾ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਜਲਦ ਹੀ ਛੁੱਟੀ ਦੇ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ 2 ਅਗਸਤ ਨੂੰ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਾਹ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ 14 ਅਗਸਤ ਨੂੰ ਛੁੱਟੀ ਮਿਲੀ ਸੀ। ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਹੋਈਆਂ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ 17 ਅਗਸਤ ਦੀ ਰਾਤ ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ।