ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਦੇ ਹੀ ਨਹੀਂ ਸਗੋਂ ਆਮ ਆਦਮੀ ਦੇ ਵੀ ਖ਼ਿਲਾਫ਼ ਹਨ: ਕੇਜਰੀਵਾਲ

12/14/2020 4:43:26 PM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਧਰਨਿਆਂ 'ਤੇ ਬੈਠੇ ਕਿਸਾਨਾਂ ਦੇ ਸਮਰਥਨ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਰਤ ਰੱਖਿਆ। ਕੇਜਰੀਵਾਲ ਦੇ ਨਾਲ-ਨਾਲ ਪਾਰਟੀ ਵਰਕਰਾਂ ਨੇ ਵੀ ਸਮੂਹਕ ਵਰਤ ਰੱਖ ਕੇ ਕਿਸਾਨਾਂ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਕਿਸਾਨਾਂ ਦੇ ਹੀ ਨਹੀਂ ਸਗੋਂ ਆਮ ਆਦਮੀ ਦੇ ਵੀ ਖ਼ਿਲਾਫ਼ ਹੈ। ਇਸ ਕਾਨੂੰਨ ਦੇ ਆਉਣ ਨਾਲ ਮਹਿੰਗਾਈ ਵਧੇਗੀ। ਉਨ੍ਹਾਂ ਕਿਹਾ ਕਿ ਅੱਜ ਧਰਨਿਆਂ 'ਤੇ ਬੈਠੇ ਕਿਸਾਨ ਸਾਡੇ ਸਾਰਿਆਂ 'ਤੇ ਅਹਿਸਾਨ ਕਰ ਰਹੇ ਹਨ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ। 

ਇਹ ਵੀ ਪੜ੍ਹੋ: ਕੇਜਰੀਵਾਲ ਦਾ ਕੈਪਟਨ 'ਤੇ ਪਲਟਵਾਰ, ਕਿਹਾ- 'ਕੇਂਦਰ ਨਾਲ ਸੈਟਿੰਗ ਕਰਕੇ ਕਿਸਾਨੀ ਅੰਦੋਲਨ ਵੇਚ ਦਿੱਤਾ?'

ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰਾ ਦੇਸ਼ ਸੰਕਟ 'ਚ ਹੈ, ਕਿਉਂਕਿ ਅੱਜ ਕਿਸਾਨ ਸੰਕਟ ਵਿਚ ਹਨ। ਕਿਸਾਨ ਅਤੇ ਜਵਾਨ ਦੇਸ਼ ਦੀ ਨੀਂਹ ਹੁੰਦੇ ਹਨ। ਜੇਕਰ ਕਿਸਾਨ ਅਤੇ ਜਵਾਨ ਸੰਕਟ 'ਚ ਹੋਣਗੇ ਤਾਂ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ? ਜਿਸ ਕਿਸਾਨ ਨੂੰ ਅੱਜ ਖੇਤਾਂ 'ਚ ਹੋਣਾ ਚਾਹੀਦਾ ਹੈ, ਉਹ ਕੜਾਕੇ ਦੀ ਠੰਡ 'ਚ ਧਰਨਿਆਂ 'ਤੇ ਬੈਠਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਪੂਰਾ ਦੇਸ਼ ਕਿਸਾਨਾਂ ਦੇ ਨਾਲ ਖੜ੍ਹਾ ਹੈ। ਦੇਸ਼ ਭਰ 'ਚੋਂ ਖਿਡਾਰੀ, ਵਕੀਲ, ਬਾਲੀਵੁੱਡ ਹਸਤੀਆਂ ਅਤੇ ਡਾਕਟਰ ਕਿਸਾਨਾਂ ਨਾਲ ਖੜ੍ਹੇ ਹਨ। ਲੋਕ ਭਾਵੇਂ ਹੀ ਸਿੰਘੂ ਸਰਹੱਦ ਨਾ ਪਹੁੰਚ ਸਕਣ ਪਰ ਅੱਜ ਲੱਖਾਂ ਲੋਕਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਵਰਤ ਰੱਖ ਕੇ ਕਿਸਾਨਾਂ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ: ਵਰਤ ਪਵਿੱਤਰ ਹੁੰਦਾ ਹੈ, ਕਿਸਾਨਾਂ ਲਈ ਸਾਰੇ ਲੋਕ ਰੱਖਣ ਵਰਤ : ਕੇਜਰੀਵਾਲ

ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਦੇਸ਼ ਭਰ ਦੇ ਕੋਨੇ-ਕੋਨੇ 'ਚ ਆਪ ਪਾਰਟੀ ਦੇ ਕਾਰਕੁਨਾਂ ਨੇ ਘਰਾਂ ਵਿਚ ਜਾਂ ਸਮੂਹਕ ਰੂਪ 'ਚ ਵਰਤ ਰੱਖਿਆ। ਅਸੀਂ ਚੱਟਾਨ ਵਾਂਗ ਖੜ੍ਹੇ ਹੋ ਕੇ ਕਿਸਾਨਾਂ ਦਾ ਸਮਰਥਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਕਿਸਾਨ ਬਚੇਗਾ ਤਾਂ ਆਮ ਆਦਮੀ ਪਾਰਟੀ ਬਚੇਗੀ। ਅੱਜ ਮੈਂ ਕਿਸਾਨਾਂ ਦੇ ਸਮਰਥਨ 'ਚ ਸੇਵਾਦਾਰ ਬਣ ਕੇ ਗਿਆ। ਇਹ ਅੰਦੋਲਨ ਬਹੁਤ ਸ਼ਾਂਤਮਈ ਹੈ। ਦੇਸ਼ 'ਚ ਅਜਿਹੇ ਕਿੰਨੇ ਕਿਸਾਨ ਹਨ, ਇਕ ਹੀ ਆਦਮੀ ਦੇ ਦੋ ਪੁੱਤਰ ਹਨ, ਇਕ ਕਿਸਾਨ ਬਣ ਗਿਆ ਅਤੇ ਇਕ ਜਵਾਨ ਬਣ ਗਿਆ। ਹੁਣ ਜਦੋਂ ਫ਼ੌਜ 'ਚ ਸਰਹੱਦ 'ਤੇ ਉਹ ਪੁੱਤਰ ਸੁਣਦਾ ਹੈ ਕਿ ਉਸ ਦੇ ਭਰਾ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਪਿਤਾ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਜੋ ਸਿੰਘੂ ਸਰਹੱਦ 'ਤੇ ਬੈਠੇ ਹਨ, ਇਹ ਸਹੀ ਨਹੀਂ ਹੋ ਰਿਹਾ ਹੈ। ਜਿੰਨੇ ਲੋਕ ਰਾਜਨੀਤੀ ਤਹਿਤ ਕਿਸਾਨਾਂ ਨੂੰ ਮਾੜਾ ਬੋਲ ਰਹੇ ਹਨ, ਅਜਿਹੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।

ਨੋਟ: ਕਿਸਾਨੀ ਮੁੱਦੇ 'ਤੇ ਕੇਜਰੀਵਾਲ ਦੀ ਹੁੰਕਾਰ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Tanu

Content Editor

Related News