ਬੈਠਕ ਦੌਰਾਨ ਖੇਤੀਬਾੜੀ ਮੰਤਰੀ ਨੇ SC ਦੇ ਫ਼ੈਸਲੇ ਦਾ ਦਿੱਤਾ ਹਵਾਲਾ, ਕਿਹਾ- ਹੁਣ ਸਿਰਫ਼ ਸੋਧਾਂ ਦੀ ਗੱਲ ਹੋਵੇ
Friday, Jan 15, 2021 - 01:12 PM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਕਿਸਾਨਾਂ ਦਾ ਅੰਦੋਲਨ 51ਵੇਂ ਦਿਨ ਵੀ ਜਾਰੀ ਹੈ। ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਯਾਨੀ ਸ਼ੁੱਕਰਵਾਰ ਨੂੰ ਵਿਗਿਆਨ ਭਵਨ ’ਚ 9ਵੇਂ ਗੇੜ ਦੀ ਬੈਠਕ ਹੋ ਰਹੀ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਮੁੜ ਖੇਤੀ ਕਾਨੂੰਨਾਂ ’ਚ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਨੂੰ ਕਿਸਾਨਾਂ ਵਲੋਂ ਠੁਕਰਾ ਦਿੱਤਾ ਗਿਆ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਬੇਜਿੱਦ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਰੱਦ ਤੋਂ ਘੱਟ ਕੁਝ ਨਹੀਂ ਚਾਹੀਦਾ। ਉੱਥੇ ਹੀ ਬੈਠਕ ’ਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਕਾਨੂੰਨਾਂ ’ਤੇ ਰੋਕ ਲਗਾ ਚੁਕੀ ਹੈ, ਹੁਣ ਸਿਰਫ਼ ਕਾਨੂੰਨਾਂ ’ਚ ਸੋਧ ਦੀ ਜ਼ਰੂਰਤ ਹੈ। ਤੋਮਰ ਨੇ ਕਿਸਾਨਾਂ ਤੋਂ ਪੁੱਛਿਆ ਹੈ ਕਿ ਤੁਸੀਂ ਹੀ ਦੱਸੋ ਕਿਵੇਂ ਕੱਢਣਾ ਹੈ ਕਿ ਮਸਲੇ ਦਾ ਹੱਲ। ਤੋਮਰ ਨੇ ਕਿਸਾਨਾਂ ਤੋਂ ਸੁਝਾਅ ਮੰਗੇ ਹਨ। ਸਰਕਾਰ ਅਤੇ ਕਿਸਾਨ ਖੇਤੀ ਕਾਨੂੰਨਾਂ ’ਤੇ ਆਪਣੇ-ਆਪਣੇ ਰੁਖ ’ਤੇ ਅੜੇ ਹੋਏ ਹਨ।
ਇਹ ਵੀ ਪੜ੍ਹੋ : ਭੂਪਿੰਦਰ ਸਿੰਘ ਮਾਨ ਨੇ ਦੱਸੀ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਤੋਂ ਵੱਖ ਹੋਣ ਦੀ ਵਜ੍ਹਾ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕਿਸਾਨੀ ਮੁੱਦੇ ਨੂੰ ਸੁਲਝਾਉਣ ਲਈ ਕੇਂਦਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ 4 ਮੈਂਬਰੀ ਕਮੇਟੀ ਵੀ ਬਣਾਈ ਹੈ ਪਰ ਇਸ ਕਮੇਟੀ ਦਾ ਕਿਸਾਨ ਵਿਰੋਧ ਕਰ ਰਹੇ ਸਨ, ਕਿਉਂਕਿ ਕਮੇਟੀ ’ਚ ਜੋ ਮੈਂਬਰ ਹਨ, ਉਹ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ। ਉੱਥੇ ਹੀ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਕਿਸਾਨਾਂ ਵਿਚਾਲੇ 8 ਬੈਠਕਾਂ ਹੋ ਚੁਕੀਆਂ ਹਨ। ਜੋ ਬੇਸਿੱਟਾ ਰਹੀਆਂ ਹਨ। ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਦਾ ਕੁਝ ਚੰਗਾ ਨਤੀਜਾ ਨਿਕਲੇਗਾ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ’ਚ ਕਾਂਗਰਸ ਦਾ ਹੱਲਾ ਬੋਲ, ਦਿੱਲੀ ਦੀਆਂ ਸੜਕਾਂ ’ਤੇ ਉਤਰਨਗੇ ਰਾਹੁਲ ਗਾਂਧੀ
ਨੋਟ : ਕੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ ਦੀ ਬੈਠਕ ’ਚ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ