ਆਗਰਾ ’ਚ ਸਵਾਰੀਆਂ ਨਾਲ ਭਰੀ ਬੱਸ ਨੂੰ ਬਦਮਾਸ਼ਾਂ ਨੇ ਕੀਤਾ ਹਾਈਜੈਕ
Wednesday, Aug 19, 2020 - 11:11 AM (IST)
ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ’ਚ ਇਕ ਬੱਸ ਨੂੰ ਹਾਈਜੈਕ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਕੁਝ ਬਦਮਾਸ਼ਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਪੁਲਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਅਜੇ ਤੱਕ ਬਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁੁਲਸ ਬੱਸ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ’ਚ 34 ਦੇ ਕਰੀਬ ਸਵਾਰੀਆਂ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਬਦਮਾਸ਼ ਬੱਸ ਨੂੰ ਲੈ ਗਏ।
ਘਟਨਾ ਮਲਪੁਰਾ ਥਾਣਾ ਖੇਤਰ ਦੇ ਦੱਖਣੀ ਬਾਈਪਾਸ ’ਤੇ ਵਾਪਰੀ। ਬੱਸ ਗੁਰੂਗ੍ਰਾਮ ਤੋਂ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਬਦਮਾਸ਼ਾਂ ਨੇ ਤੜਕੇ 4 ਵਜੇ ਦੇ ਕਰੀਬ ਬੱਸ ਨੂੰ ਓਵਰਟੇਕ ਕਰਨ ਮਗਰੋਂ ਰੋਕਿਆ। ਕੁਝ ਦੂਰ ਜਾ ਕੇ ਉਨ੍ਹਾਂ ਨੇ ਬੱਸ ਦੇ ਡਰਾਈਵਰ-ਕੰਡਕਟਰ ਨੂੰ ਕੁਬੇਰਪੁਰ ’ਚ ਉਤਾਰਿਆ ਅਤੇ ਬੱਸ ਨੂੰ ਖੁਦ ਚਲਾ ਕੇ ਲੈ ਗਏ। ਬੱਸ ਦੇ ਡਰਾਈਵਰ ਨੇ ਮਲਪੁਰਾ ਥਾਣੇ ਆ ਕੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੂੰ ਭਾਜੜਾਂ ਪੈੈ ਗਈਆਂ।
ਬੱਸ ਹਾਈਜੈਕ ਕਰਨ ਮਗਰੋਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰੇ ਜ਼ਿਲ੍ਹੇ ਵਿਚ ਪੁਲਸ ਨੂੰ ਅਲਰਟ ਕੀਤਾ ਗਿਆ ਹੈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਦੱਸਿਆ ਕਿ 4 ਲੋਕ ਸਨ, ਜੋ ਖੁਦ ਨੂੰ ਫਾਈਨੈਂਸ ਕੰਪਨੀ ਦੇ ਕਾਮੇ ਦੱਸ ਰਹੇ ਸਨ। ਕੁਝ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਬੱਸ ਮਾਲਕ ਨੇ ਕਿਸ਼ਤ ਨਹੀਂ ਚੁਕਾਈ ਸੀ, ਜਿਸ ਤੋਂ ਬਾਅਦ ਫਾਈਨੈਂਸ ਕੰਪਨੀ ਦੇ ਕਾਮੇ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਚਲੇ ਗਏ। ਫਿਲਹਾਲ ਪੁਲਸ ਬੱਸ ਦੀ ਭਾਲ ਕਰ ਰਹੀ ਹੈ। ਮੱਧ ਪ੍ਰਦੇਸ਼ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ।