ਆਗਰਾ: ਪੁਲਸ ਨੇ ਬਰਾਮਦ ਕੀਤੀ ਹਾਈਜੈਕ ਬੱਸ, ਸਵਾਰੀਆਂ ਸੁਰੱਖਿਅਤ

Wednesday, Aug 19, 2020 - 03:40 PM (IST)

ਆਗਰਾ: ਪੁਲਸ ਨੇ ਬਰਾਮਦ ਕੀਤੀ ਹਾਈਜੈਕ ਬੱਸ, ਸਵਾਰੀਆਂ ਸੁਰੱਖਿਅਤ

ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਨੂੰ ਇਕ ਫਾਈਨੈਂਸ ਕੰਪਨੀ ਦੇ ਕਾਮਿਆਂ ਨੇ ਹਾਈਜੈਕ ਕਰ ਲਿਆ। ਰਾਹਤ ਦੀ ਖ਼ਬਰ ਇਹ ਹੈ ਕਿ ਹਾਈਜੈਕ ਬੱਸ ਨੂੰ ਇਟਾਵਾ ਪੁਲਸ ਨੇ ਬਰਾਮਦ ਕਰ ਲਿਆ ਹੈ। ਇਟਾਵਾ ਦੇ ਐੱਸ. ਐੱਸ. ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਹਾਈਜੈਕ ਬੱਸ 'ਚ 34 ਸਵਾਰੀਆਂ ਦੂਜੀ ਬੱਸ ਤੋਂ ਝਾਂਸੀ ਪਹੁੰਚ ਗਈਆਂ ਹਨ। ਬੱਸ 'ਚ ਸਵਾਰ ਸਾਰੀਆਂ 34 ਸਵਾਰੀਆਂ ਸੁਰੱਖਿਅਤ ਹਨ। ਪੁਲਸ ਨੇ ਦੱਸਿਆ ਕਿ ਘਟਨਾ ਮਲਪੁਰਾ ਥਾਣਾ ਖੇਤਰ ਦੀ ਹੈ। ਅਣਪਛਾਤੇ ਕਾਰ ਸਵਾਰਾਂ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਬੱਸ ਨੂੰ ਅਗਵਾ ਕੀਤਾ ਸੀ। ਬੱਸ ਹਰਿਆਣਾ ਤੋਂ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ।

ਇਸ ਮਾਮਲੇ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਐਡੀਸ਼ਨਲ ਮੁੱਖ ਗ੍ਰਹਿ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਕਿ ਮਾਮਲੇ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਆਗਰਾ ਅਤੇ ਐੱਸ. ਐੱਸ. ਪੀ. ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਵਸਥੀ ਨੇ ਕਿਹਾ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਬੱਸ ਦੇ ਮਾਲਕ ਦੇ ਮੰਗਲਵਾਰ ਰਾਤ ਨੂੰ ਹੀ ਮੌਤ ਹੋਈ ਹੈ ਅਤੇ ਉਨ੍ਹਾਂ ਦੇ ਪੁੱਤਰ ਸੰਸਕਾਰ 'ਚ ਲੱਗੇ ਹੋਏ ਹਨ। ਲਿਹਾਜਾ ਪੂਰੀ ਜਾਣਕਾਰੀ ਲਈ ਜਾ ਰਹੀ ਹੈ।

ਇਹ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਕਾਰ ਸਵਾਰ ਕੁਝ ਵਿਅਕਤੀਆਂ ਨੇ ਤੜਕੇ 4 ਵਜੇ ਦੇ ਕਰੀਬ ਬੱਸ ਨੂੰ ਓਵਰਟੇਕ ਕਰਨ ਮਗਰੋਂ ਰੋਕਿਆ। ਕੁਝ ਦੂਰ ਜਾ ਕੇ ਉਨ੍ਹਾਂ ਨੇ ਬੱਸ ਦੇ ਡਰਾਈਵਰ-ਕੰਡਕਟਰ ਨੂੰ ਉਤਾਰਿਆ ਅਤੇ ਬੱਸ ਨੂੰ ਖੁਦ ਚਲਾ ਕੇ ਲੈ ਗਏ। ਬੱਸ ਦੇ ਡਰਾਈਵਰ ਨੇ ਮਲਪੁਰਾ ਥਾਣੇ ਆ ਕੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੂੰ ਭਾਜੜਾਂ ਪੈ ਗਈਆਂ। ਪੂਰੇ ਜ਼ਿਲ੍ਹੇ ਵਿਚ ਪੁਲਸ ਨੂੰ ਅਲਰਟ ਕੀਤਾ ਗਿਆ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਬੱਸ ਦੇ ਡਰਾਈਵਰ ਅਤੇ ਕੰਡਕਟਰ, ਜਿਨ੍ਹਾਂ ਨੂੰ ਬੱਸ 'ਚੋਂ ਉਤਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਦੱਸਿਆ ਕਿ 4 ਲੋਕ ਸਨ, ਜੋ ਖੁਦ ਨੂੰ ਫਾਈਨੈਂਸ ਕੰਪਨੀ ਦੇ ਕਾਮੇ ਦੱਸ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਬੱਸ ਮਾਲਕ ਨੇ ਕਿਸ਼ਤ ਨਹੀਂ ਚੁਕਾਈ ਸੀ, ਜਿਸ ਤੋਂ ਬਾਅਦ ਫਾਈਨੈਂਸ ਕੰਪਨੀ ਦੇ ਕਾਮੇ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀਆਂ 8 ਕਿਸ਼ਤਾਂ ਦੇਣੀਆਂ ਬਾਕੀ ਸਨ। 
 


author

Tanu

Content Editor

Related News