ਹੁਣ ਇਸ ਸੂਬੇ ਦੀ ਸਰਕਾਰ ਲਿਆਏਗੀ 'ਲਵ ਜਿਹਾਦ' ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ
Sunday, Aug 04, 2024 - 08:02 PM (IST)
ਗੁਹਾਟੀ : ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਲਵ ਜਿਹਾਦ' ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਵਿਵਸਥਾ ਵਾਲਾ ਕਾਨੂੰਨ ਛੇਤੀ ਹੀ ਲਿਆਵੇਗੀ। ਪ੍ਰਦੇਸ਼ ਭਾਜਪਾ ਕਾਰਜਕਾਰਨੀ ਦੀ ਬੈਠਕ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਦੌਰਾਨ 'ਲਵ ਜਿਹਾਦ' ਬਾਰੇ ਗੱਲ ਕੀਤੀ ਸੀ। ਜਲਦੀ ਹੀ ਅਸੀਂ ਅਜਿਹਾ ਕਾਨੂੰਨ ਲਿਆਵਾਂਗੇ ਜਿਸ ਨਾਲ ਅਜਿਹੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਹੋਵੇਗੀ। ਸਰਮਾ ਨੇ ਇਹ ਵੀ ਕਿਹਾ ਕਿ ਛੇਤੀ ਹੀ ਇੱਕ ਨਵੀਂ ਨਿਵਾਸ ਨੀਤੀ ਪੇਸ਼ ਕੀਤੀ ਜਾਵੇਗੀ, ਜਿਸ ਤਹਿਤ ਸਿਰਫ਼ ਅਸਾਮ ਵਿੱਚ ਪੈਦਾ ਹੋਏ ਲੋਕ ਹੀ ਰਾਜ ਸਰਕਾਰ ਦੀਆਂ ਨੌਕਰੀਆਂ ਲਈ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਅਨੁਸਾਰ ਮੁਹੱਈਆ ਕਰਵਾਈਆਂ ਗਈਆਂ ਇੱਕ ਲੱਖ ਸਰਕਾਰੀ ਨੌਕਰੀਆਂ ਵਿੱਚ ਆਦਿਵਾਸੀਆਂ ਨੂੰ ਪਹਿਲ ਦਿੱਤੀ ਗਈ ਹੈ, ਜੋ ਪੂਰੀ ਸੂਚੀ ਪ੍ਰਕਾਸ਼ਿਤ ਹੋਣ 'ਤੇ ਸਪੱਸ਼ਟ ਹੋ ਜਾਵੇਗਾ।
ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ 19 ਜੁਲਾਈ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਮੁਸਲਮਾਨਾਂ ਦੀ ਆਬਾਦੀ ਹਰ 10 ਸਾਲਾਂ ਵਿੱਚ ਲਗਭਗ 30 ਪ੍ਰਤੀਸ਼ਤ ਵਧ ਰਹੀ ਹੈ ਅਤੇ ਉਹ 2041 ਤੱਕ ਬਹੁਗਿਣਤੀ ਬਣ ਜਾਣਗੇ। ਉਨ੍ਹਾਂ ਕਿਹਾ ਕਿ ਹਰ 10 ਸਾਲ ਬਾਅਦ ਮੁਸਲਮਾਨਾਂ ਦੀ ਆਬਾਦੀ ਵਿਚ 11 ਲੱਖ ਦਾ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਹਿੰਦੂ ਭਾਈਚਾਰਿਆਂ ਦੀ ਆਬਾਦੀ ਸਿਰਫ 16 ਫੀਸਦੀ ਵਧ ਰਹੀ ਹੈ।
ਸੀਐੱਮ ਸਰਮਾ ਨੇ ਕਿਹਾ ਕਿ 2011 ਵਿਚ ਅਸਾਮ ਵਿੱਚ 1.4 ਕਰੋੜ ਮੁਸਲਮਾਨ ਸਨ। 2041 ਤਕ ਅਸਾਮ ਇੱਕ ਮੁਸਲਿਮ ਬਹੁਗਿਣਤੀ ਵਾਲਾ ਰਾਜ ਬਣ ਜਾਵੇਗਾ। ਇਹ ਇੱਕ ਹਕੀਕਤ ਹੈ ਅਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਹਰ 10 ਸਾਲ ਬਾਅਦ ਅਸਾਮ ਵਿਚ ਮੁਸਲਿਮ ਆਬਾਦੀ 11 ਲੱਖ ਵਧਦੀ ਹੈ। ਇਹ ਹਿਮੰਤ ਬਿਸਵਾ ਸਰਮਾ ਦਾ ਨਹੀਂ, ਸਗੋਂ ਭਾਰਤੀ ਜਨਗਣਨਾ ਦਾ ਅੰਕੜਾ ਹੈ। ਇਹ ਅੰਕੜੇ ਪ੍ਰਕਾਸ਼ਿਤ ਕੀਤੇ ਗਏ ਹਨ। ਸਰਮਾ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੀ ਆਬਾਦੀ ਹਰ 10 ਸਾਲ ਬਾਅਦ ਕਰੀਬ 16 ਫੀਸਦੀ ਵਧ ਰਹੀ ਹੈ।
ਅਸਾਮ ਸਰਕਾਰ ਦੀ ਯੋਜਨਾ
ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੁਸਲਿਮ ਭਾਈਚਾਰੇ ਦੀ ਆਬਾਦੀ ਦੇ ਵਾਧੇ ਨੂੰ ਘਟਾਉਣ ਲਈ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸਾਡੀ ਮਦਦ ਵੀ ਕੀਤੀ ਹੈ। ਜੇਕਰ 'ਨਿਜੁਤ ਮੋਇਨਾ' ਸਕੀਮ ਸਫਲ ਹੁੰਦੀ ਹੈ ਤਾਂ ਲੜਕੀਆਂ ਡਾਕਟਰ ਅਤੇ ਇੰਜੀਨੀਅਰ ਬਣਨਗੀਆਂ। ਫਿਰ ਉਹ (ਬੱਚਿਆਂ ਨੂੰ) ਜਨਮ ਨਹੀਂ ਦੇਣਗੀਆਂ।
ਇਸ ਯੋਜਨਾ ਦੇ ਤਹਿਤ, ਅਸਾਮ ਸਰਕਾਰ ਬਾਲ ਵਿਆਹ ਨੂੰ ਰੋਕਣ ਦੇ ਉਦੇਸ਼ ਨਾਲ 11ਵੀਂ ਜਮਾਤ ਤੋਂ ਪੋਸਟ-ਗ੍ਰੈਜੂਏਸ਼ਨ ਤੱਕ ਦੀਆਂ ਵਿਦਿਆਰਥਣਾਂ ਨੂੰ ਅਗਲੇ ਪੰਜ ਸਾਲਾਂ ਲਈ 2,500 ਰੁਪਏ ਤੱਕ ਦਾ ਮਹੀਨਾਵਾਰ ਮਾਣ ਭੱਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਾਡੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਸਾਨੂੰ ਕੁਝ ਨਤੀਜੇ ਮਿਲਣਗੇ, ਪਰ ਸਮੱਸਿਆ ਬਹੁਤ ਵੱਡੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 2041 ਤੱਕ ਅਸਾਮ ਮੁਸਲਿਮ ਬਹੁਗਿਣਤੀ ਵਾਲਾ ਰਾਜ ਬਣ ਜਾਵੇਗਾ। ਇਹ ਇੱਕ ਹਕੀਕਤ ਹੈ ਅਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ।