ਗੁਜਰਾਤ ''ਚ ਪੋਲਿੰਗ ਹੋਣ ਤੋਂ ਬਾਅਦ ਚੈਨਲ ਦਿਖਾ ਸਕਣਗੇ ਐਗਜ਼ਿਟ ਪੋਲ

Thursday, Oct 26, 2017 - 09:14 AM (IST)

ਸ਼ਿਮਲਾ(ਦੇਵੇਂਦਰ ਹੇਟਾ) — ਸੂਬੇ 'ਚ ਇਸ ਵਾਰ ਐਗਜ਼ਿਟ ਪੋਲ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਦੇਸ਼ ਤੇ ਸੂਬੇ ਦਾ ਕੋਈ ਵੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਚੈਨਲ ਐਗਜ਼ਿਟ ਪੋਲ ਨਹੀਂ ਦਿਖਾ ਸਕੇਗਾ। ਇਹ ਪਾਬੰਦੀ ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਲਾਈ ਗਈ ਹੈ। ਗੁਜਰਾਤ 'ਚ 14 ਦਸੰਬਰ ਨੂੰ ਦੂਜੇ ਪੜਾਅ ਦੀ ਪੋਲਿੰਗ ਪੂਰੀ ਹੋਣ ਤੋਂ ਬਾਅਦ ਹੀ ਮੀਡੀਆ ਹਿਮਾਚਲ ਵਿਧਾਨ ਸਭਾ ਚੋਣਾਂ ਨਾਲ ਜੁੜੇ ਐਗਜ਼ਿਟ ਪੋਲ 'ਚ ਕਿਸੇ ਵੀ ਸਿਆਸੀ ਧਿਰ ਅਤੇ ਉਮੀਦਵਾਰ ਦੀ ਹਾਰ-ਜਿੱਤ ਦਾ ਪੋਸਟਮਾਰਟਮ ਦਿਖਾ ਸਕੇਗਾ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦਿਖਾਏ ਜਾਣ 'ਤੇ ਚੋਣ ਕਮਿਸ਼ਨ ਤੇ ਸੂਬੇ ਦੇ ਚੋਣ ਵਿਭਾਗ ਦੀ ਤਿੱਖੀ ਨਜ਼ਰ ਰਹੇਗੀ।
ਇਹ ਪਹਿਲੀ ਵਾਰ ਹੋਵੇਗਾ, ਜਦੋਂ ਸੂਬੇ ਦੇ ਲੋਕਾਂ ਨੂੰ ਐਗਜ਼ਿਟ ਪੋਲ ਲਈ ਵੀ ਇੰਨਾ ਲੰਮਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਗੁਜਰਾਤ 'ਚ 9 ਅਤੇ 14 ਦਸੰਬਰ ਨੂੰ ਦੋ ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਆਮ ਤੌਰ 'ਤੇ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਬੀਤੇ ਕਈ ਸਾਲਾਂ ਤੋਂ ਇਕੱਠੀਆਂ ਹੁੰਦੀਆਂ ਆਈਆਂ ਹਨ ਪਰ ਗੁਜਰਾਤ ਵਿਚ ਇਸ ਵਾਰ ਇਕ ਮਹੀਨੇ ਦੀ ਦੇਰੀ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਅਜਿਹੀ ਹਾਲਤ 'ਚ ਜੇਕਰ ਕੋਈ ਮੀਡੀਆ ਸਮੂਹ ਪਾਬੰਦੀ ਦੌਰਾਨ ਐਗਜ਼ਿਟ ਪੋਲ ਦਿਖਾਉਂਦਾ ਹੈ ਤਾਂ ਕੇਂਦਰੀ ਚੋਣ ਕਮਿਸ਼ਨ ਉਸ ਦੇ ਖਿਲਾਫ ਕਾਰਵਾਈ ਕਰੇਗਾ।
ਵਰਣਨਯੋਗ ਹੈ ਕਿ ਹਿਮਾਚਲ 'ਚ ਆਗਾਮੀ 9 ਨਵੰਬਰ ਨੂੰ ਸਾਰੀਆਂ 68 ਵਿਧਾਨ ਸਭਾ ਸੀਟਾਂ ਲਈ ਇਕ ਹੀ ਪੜਾਅ 'ਚ ਪੋਲਿੰਗ ਹੋਣ ਜਾ ਰਹੀ ਹੈ। ਪੋਲਿੰਗ ਇਸੇ ਦਿਨ ਸ਼ਾਮ 5 ਵਜੇ ਖਤਮ ਹੋ ਜਾਏਗੀ। ਆਮ ਤੌਰ 'ਤੇ ਪੋਲਿੰਗ ਖਤਮ ਹੋਣ ਤੋਂ ਬਾਅਦ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ ਆਪਣੇ-ਆਪਣੇ ਐਗਜ਼ਿਟ ਪੋਲ ਦਿਖਾਉਂਦੇ ਹਨ। ਇਸ ਨਾਲ ਦਾਅਵੇ ਕੀਤੇ ਜਾਂਦੇ ਹਨ ਕਿ ਕਿਹੜੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਅਤੇ ਕਿਹੜੇ ਵਿਧਾਨ ਸਭਾ ਹਲਕੇ ਤੋਂ ਕਿਸ ਉਮੀਦਵਾਰ ਦੀ ਜਿੱਤ ਹੋ ਰਹੀ ਹੈ। ਲੋਕ ਵੀ ਇਨ੍ਹਾਂ ਨੂੰ ਬੜੇ ਚਾਅ ਨਾਲ ਦੇਖਦੇ ਹਨ ਅਤੇ ਬੜੀ ਬੇਸਬਰੀ ਨਾਲ ਐਗਜ਼ਿਟ ਪੋਲ ਆਉਣ ਦਾ ਇੰਤਜ਼ਾਰ ਕਰਦੇ ਹਨ ਪਰ ਇਸ ਵਾਰ ਗੁਜਰਾਤ ਚੋਣਾਂ ਦੇ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੋਣ ਵਾਲੀਆਂ ਹਨ। ਐਗਜ਼ਿਟ ਪੋਲ ਦੀ ਤਰ੍ਹਾਂ ਚੋਣਾਂ ਦੇ ਨਤੀਜਿਆਂ ਲਈ ਵੀ ਸੂਬਾ ਵਾਸੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ। ਚੋਣ ਨਤੀਜਿਆਂ ਲਈ ਵੀ ਸੂਬਾ ਵਾਸੀਆਂ ਨੂੰ ਪੋਲਿੰਗ ਤੋਂ ਬਾਅਦ ਕਰੀਬ 37 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਲਈ ਐਗਜ਼ਿਟ ਪੋਲ ਦਿਖਾਉਣ ਵਾਲੇ ਸਮੂਹ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਸਰਵੇਖਣ ਕਰਦੇ ਹਨ। ਇਨ੍ਹਾਂ ਹੀ ਸਰਵੇਖਣਾਂ ਨੂੰ ਆਧਾਰ ਬਣਾ ਕੇ ਮੀਡੀਆ ਜਾਂ ਹੋਰ ਏਜੰਸੀਆਂ ਵੀ ਆਪਣੇ ਐਗਜ਼ਿਟ ਪੋਲ ਦਿਖਾਉਂਦੀਆਂ ਹਨ। 
ਸੂਬੇ 'ਚ ਇਸ ਵਾਰ ਐਗਜ਼ਿਟ ਪੋਲ 'ਤੇ ਪਾਬੰਦੀ ਰਹੇਗੀ, ਨਹੀਂ ਤਾਂ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਗੁਜਰਾਤ ਚੋਣਾਂ 'ਤੇ ਅਸਰ ਪਾ ਸਕਦੇ ਹਨ। 14 ਦਸੰਬਰ ਨੂੰ ਗੁਜਰਾਤ 'ਚ ਦੂਜੇ ਪੜਾਅ ਦੀ ਪੋਲਿੰਗ ਹੋਣ ਤੋਂ ਬਾਅਦ ਹੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਐਗਜ਼ਿਟ ਪੋਲ ਦਿਖਾ ਸਕਣਗੇ।
-ਨੀਰਜ ਸ਼ਰਮਾ, ਓ. ਐੱਸ. ਡੀ., ਚੋਣ ਵਿਭਾਗ


Related News