ਉੱਤਰ-ਪੂਰਬ ਤੋਂ ਬਾਅਦ ਹੁਣ ਦੱਖਣੀ ਸੂਬਿਆਂ ’ਤੇ ਹੈ ਭਾਜਪਾ ਦੀ ਨਜ਼ਰ

Sunday, Jun 05, 2022 - 09:47 AM (IST)

ਉੱਤਰ-ਪੂਰਬ ਤੋਂ ਬਾਅਦ ਹੁਣ ਦੱਖਣੀ ਸੂਬਿਆਂ ’ਤੇ ਹੈ ਭਾਜਪਾ ਦੀ ਨਜ਼ਰ

ਨੈਸ਼ਨਲ ਡੈਸਕ–ਭਾਵੇਂ ਭਾਜਪਾ ਨੂੰ ਕਰਨਾਟਕ ਨੂੰ ਛੱਡ ਕੇ ਦੱਖਣੀ ਸੂਬਿਆਂ ’ਚ ਵਿਸਥਾਰ ਕਰਨ ’ਚ ਕਾਮਯਾਬੀ ਨਾ ਮਿਲੀ ਹੋਵੇ ਪਰ ਉਸ ਨੇ ਇਸ ਜੰਗ ਵਿਚ ਹਾਰ ਨਹੀਂ ਮੰਨੀ। ਉੱਤਰ-ਪੂਰਬ ਨੂੰ ਜਿੱਤਣ ਤੋਂ ਬਾਅਦ ਭਾਜਪਾ ਦੱਖਣ ਵੱਲ ਜਾਣ ਲਈ ਉਤਾਵਲੀ ਹੈ। 2024 ’ਚ ਅਗਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਭਾਜਪਾ ਕੇਰਲ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਰਗੇ ਦੱਖਣੀ ਸੂਬਿਆਂ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਮਜ਼ਬੂਤ ਰਣਨੀਤੀ ਤਹਿਤ ਅੱਗੇ ਵਧ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਕ ‘ਮਿਸ਼ਨ ਸਾਊਥ’ ਦੀ ਟੀਮ ’ਚ ਸ਼ਾਮਲ ਭਾਜਪਾ ਦੇ ਇਕ ਸੂਤਰ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਕੇਰਲ, ਤੇਲੰਗਾਨਾ ਤੇ ਆਂਧਰਾ ’ਚ ਪਾਰਟੀ ਦੇ ਪੈਰ ਜਮਾਉਣ ਨੂੰ ਸਮੂਹਿਕ ਚੁਣੌਤੀ ਦੇ ਰੂਪ ’ਚ ਵੇਖਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਤੱਕ ਸ਼ਾਮਲ ਹਨ। ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਤੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਸਮੇਤ ਹੋਰ ਮੁੱਖ ਕੇਂਦਰੀ ਤੇ ਸਥਾਨਕ ਨੇਤਾਵਾਂ ਨੇ ਭਾਜਪਾ ਦੇ ਯਤਨਾਂ ’ਚ ਯੋਗਦਾਨ ਪਾਇਆ ਹੈ।

ਕੇਰਲ ਤੇ ਤਾਮਿਲਨਾਡੂ ’ਚ ਹੁਣੇ ਤੋਂ ਜੁਟੀ ਭਾਜਪਾ-
ਸਮਝਿਆ ਜਾਂਦਾ ਹੈ ਕਿ ਭਾਜਪਾ ਨੇ ਕੇਰਲ ’ਚ ਪਹੁੰਚ ਬਣਾਉਣ ਲਈ ਇਕ ਮੁੱਦਾ-ਆਧਾਰਤ ਰਣਨੀਤੀ ਤਿਆਰ ਕੀਤੀ ਹੈ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਦੱਖਣੀ ਭਾਰਤ ਦੇ ਇਹ ਸੂਬੇ ਕਦੇ ਵੀ ਭਗਵਾ ਪਾਰਟੀ ਦੀਆਂ ਵਿਚਾਰਧਾਰਾਵਾਂ ਤੋਂ ਜਾਣੂ ਨਹੀਂ ਰਹੇ। ਇਸ ਲਈ ਯੋਜਨਾ ਇਕ ਮੁੱਦਾ ਆਧਾਰਤ ਡੂੰਘਾ ਆਊਟਰੀਚ ਪ੍ਰੋਗਰਾਮ ਬਣਾਉਣ ਦੀ ਹੈ। ਇਕ ਉੱਚ-ਪੱਧਰੀ ਸੂਤਰ ਨੇ ਕਿਹਾ ਕਿ ਹਾਲਾਂਕਿ ਕੇਰਲ ਤੇ ਤਾਮਿਲਨਾਡੂ ’ਚ ਅਗਲੀਆਂ ਵਿਧਾਨ ਸਭਾ ਚੋਣਾਂ 2026 ’ਚ ਹੋਣੀਆਂ ਹਨ ਪਰ ਪਾਰਟੀ ਨੇ ਇਨ੍ਹਾਂ ਦੋਵਾਂ ਸੂਬਿਆਂ ਲਈ ਚੋਣ ਰਣਨੀਤੀ ਤਿਆਰ ਕਰਨ ਵਾਸਤੇ ਪਹਿਲਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਨੇਤਾ ਕਰ ਰਹੇ ਹਨ ਦੱਖਣ ਦੇ ਦੌਰੇ
ਭਾਜਪਾ ਦੇ ਸਾਰੇ ਚੋਟੀ ਦੇ ਨੇਤਾ ਪਿਛਲੇ ਕੁਝ ਮਹੀਨਿਆਂ ’ਚ ਉੱਥੋਂ ਦੇ ਵੋਟਰਾਂ ਨੂੰ ਸੰਕੇਤ ਦੇਣ ਲਈ ਦੱਖਣੀ ਸੂਬਿਆਂ ਵੱਲ ਭੱਜ ਰਹੇ ਹਨ। ਮੋਦੀ ਦੇ ਤੇਲੰਗਾਨਾ ਦੌਰੇ ਤੋਂ ਬਾਅਦ ਅਮਿਤ ਸ਼ਾਹ ਨੇ 14 ਮਈ ਨੂੰ ਉੱਥੇ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ 15 ਮਈ ਨੂੰ ਕੇਰਲ ਦਾ ਦੌਰਾ ਕੀਤਾ ਸੀ। ਨੱਢਾ ਹੁਣੇ ਜਿਹੇ 5-6 ਮਈ ਨੂੰ ਤੇਲੰਗਾਨਾ ਤੇ ਕੇਰਲ ਦੇ 2 ਦਿਨਾ ਦੌਰੇ ’ਤੇ ਵੀ ਗਏ ਸਨ। ਤੇਲੰਗਾਨਾ ’ਚ ਭਾਜਪਾ ਦੇ ਸਿਰਫ 3 ਵਿਧਾਇਕ ਤੇ 4 ਸੰਸਦ ਮੈਂਬਰ ਹਨ। ਉਸ ਦੀ ਪ੍ਰਮੁੱਖ ਚਿੰਤਾ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਟੀ. ਆਰ. ਐੱਸ. ਨੂੰ ਉਖਾੜ ਸੁੱਟਣ ਦੀ ਹੈ। ਭਾਜਪਾ ਨੇ ਟੀ. ਆਰ. ਐੱਸ. ਖਿਲਾਫ ਆਪਣੀ ਰਣਨੀਤੀ ’ਚ ਕਿਸਾਨਾਂ ਦੇ ਮੁੱਦਿਆਂ ਨੂੰ ਸ਼ਾਮਲ ਕੀਤਾ ਹੈ, ਜਦੋਂਕਿ ਕੇਰਲ ’ਚ ਭਾਜਪਾ ਨੇ ਤੁਸ਼ਟੀਕਰਨ-ਸਿਆਸਤ ਦੇ ਮੁੱਦੇ ’ਤੇ ਖੱਬੇਪੱਖੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਦਾ ਫੈਸਲਾ ਕੀਤਾ ਹੈ।

ਕਾਰਜਕਾਰਣੀ ਦੀ ਬੈਠਕ ਹੈਦਰਾਬਾਦ ’ਚ
ਹੁਣ ਯੋਜਨਾਬੱਧ ਰਣਨੀਤੀ ਤਹਿਤ ਭਾਜਪਾ ਨੇ 2 ਦਿਨਾ ਕੌਮੀ ਕਾਰਜਕਾਰਣੀ ਦੀ ਬੈਠਕ 2-3 ਜੁਲਾਈ ਨੂੰ ਹੈਦਰਾਬਾਦ ’ਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਭਾਜਪਾ ਟੀ. ਆਰ. ਐੱਸ. ਦੇ ਮਜ਼ਬੂਤ ਬਦਲ ਵਜੋਂ ਉਭਰਨ ਦੇ ਯਤਨ ’ਚ ਆਪਣੀ ਯੋਜਨਾ ਤਹਿਤ ਹੈਦਰਾਬਾਦ ’ਚ ਕੌਮੀ ਕਾਰਜਕਾਰਣੀ ਦੀ ਬੈਠਕ ਕਰ ਰਹੀ ਹੈ। ਪੀ. ਐੱਮ. ਮੋਦੀ ਪਹਿਲੇ ਦਿਨ ਪਾਰਟੀ ਦੀ ਕੌਮੀ ਕਾਰਜਕਾਰਣੀ ’ਚ ਸ਼ਾਮਲ ਹੋਣਗੇ। ਹੁਣੇ ਜਿਹੇ ਆਪਣੇ ਤੇਲੰਗਾਨਾ ਦੌਰੇ ਦੌਰਾਨ ਮੋਦੀ ਨੇ ਟੀ. ਆਰ. ਐੱਸ. ਸਰਕਾਰ ’ਤੇ ਵੰਸ਼ਵਾਦ ਦਾ ਦੋਸ਼ ਲਾਉਂਦੇ ਹੋਏ ਇਸ ਤਰ੍ਹਾਂ ਦੀ ਸਿਆਸਤ ਤੋਂ ਬਚਣ ਦੀ ਸਲਾਹ ਦਿੱਤੀ ਸੀ।


author

Tanu

Content Editor

Related News