ਹਾਰ ਤੋਂ ਬਾਅਦ ਭਾਜਪਾ ’ਚ ਘਮਸਾਨ, ਬੰਗਾਲ ’ਚ ਖੁੱਲ੍ਹੀ ਬਗਾਵਤ, UP ’ਚ ਜ਼ੋਰਦਾਰ ਬਿਆਨਬਾਜ਼ੀ

Tuesday, Jul 16, 2024 - 05:45 PM (IST)

ਨੈਸ਼ਨਲ ਡੈਸਕ- ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਝਟਕਾ ਲੱਗਣ ਪਿੱਛੋਂ ਭਾਜਪਾ ਨੂੰ ਤਾਜ਼ਾ ਹੋਈਆਂ ਵਿਧਾਨ ਸਭਾ ਦੀਆਂ ਉਪ ਚੋਣਾਂ ’ਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 13 ’ਚੋਂ ਉਹ ਸਿਰਫ 2 ਸੀਟਾਂ ਜਿੱਤੀ ਹੈ।

ਭਾਜਪਾ ਦੀ 10 ਸਾਲਾਂ ’ਚ ਪਹਿਲੀ ਵੱਡੀ ਚੋਣ ਹਾਰ ਤੇ ਉਸ ਤੋਂ ਬਾਅਦ ਇਕ ਹੋਰ ਹਾਰ ਤੋਂ ਬਾਅਦ ਸਥਿਤੀ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ।

ਸਾਫ ਲੱਗ ਰਿਹਾ ਲੋਕ ਸਭਾ ਚੋਣਾਂ ’ਚ ਨਤੀਜੇ ਉਮੀਦਾਂ ਮੁਤਾਬਕ ਨਹੀਂ ਮਿਲਣ ਤੋਂ ਬਾਅਦ ਭਾਜਪਾ ਦੀਆਂ ਕੁਝ ਸੂਬਾਈ ਇਕਾਈਆਂ ’ਚ ਹਾਲਾਤ ਸਹੀ ਨਹੀਂ ਨਜ਼ਰ ਆ ਰਹੇ।

ਇਸ ਤੋਂ ਬਾਅਦ ਹੋਈਆਂ ਉਪ ਚੋਣਾਂ ’ਚ ਭਾਜਪਾ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ, ਜਿੱਥੇ ਪਾਰਟੀ ਨੇਤਾਵਾਂ ਨੇ ਇਕ-ਦੂਜੇ ’ਤੇ ਨਿਸ਼ਾਨਾ ਵਿੰਨ੍ਹਿਆ।

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

ਬੰਗਾਲ ’ਚ ਸੂਬਾ ਪ੍ਰਧਾਨ ਬਦਲਣ ਦੀ ਮੰਗ

ਪੱਛਮੀ ਬੰਗਾਲ ’ਚ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਬਦਲਣ ਦੀ ਖੁੱਲ੍ਹ ਕੇ ਮੰਗ ਉੱਠੀ ਤੇ ਯੂ. ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ ’ਚ ਪਾਰਟੀ ਦੇ ਮੰਚ ਤੋਂ ਇਹ ਕਹਿਣਾ ਕਿ ਸੰਗਠਨ ਸਰਕਾਰ ਤੋਂ ਵੱਡਾ ਹੁੰਦਾ ਹੈ, ਦੇ ਵੀ ਵੱਖ-ਵੱਖ ਮਤਲਬ ਕੱਢੇ ਜਾ ਰਹੇ ਹਨ।

ਸ਼ਨੀਵਾਰ ਪੱਛਮੀ ਮਿਦਨਾਪੁਰ ਦੇ ਖੜਗਪੁਰ ’ਚ ਇਕ ਮੀਟਿੰਗ ਦੌਰਾਨ ਇਕ ਘਟਨਾ ਵਾਪਰੀ, ਜੋ ਭਾਜਪਾ ਨੂੰ ਸ਼ਰਮਸਾਰ ਕਰਨ ਵਾਲੀ ਸੀ। ਇਸ ਮੀਟਿੰਗ ’ਚ ਦਲੀਪ ਘੋਸ਼ ਤੇ ਸੁਕਾਂਤਾ ਮਜੂਮਦਾਰ ਦੋਵੇਂ ਮੌਜੂਦ ਸਨ। ਮੀਟਿੰਗ ’ਚ ਕੁਝ ਨੇਤਾਵਾਂ ਨੇ ਖੁੱਲ੍ਹ ਕੇ ਮੰਗ ਕੀਤੀ ਕਿ ਦਲੀਪ ਘੋਸ਼ ਨੂੰ ਮੁੜ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ।

ਬੰਗਾਲ ’ਚ ਸਾਰੀਆਂ ਸੀਟਾਂ ਹਾਰੀ ਭਾਜਪਾ

ਬੰਗਾਲ ਦੀਆਂ 4 ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਵੀ ਪਾਰਟੀ ਲਈ ਨਿਰਾਸ਼ਾਜਨਕ ਰਹੇ ਹਨ। ਉਹ ਸਾਰੀਆਂ 4 ਸੀਟਾਂ ’ਤੇ ਚੋਣ ਹਾਰ ਗਈ, ਜਦੋਂ ਕਿ ਉਸ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ 4 ’ਚੋਂ 3 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।

ਭਾਜਪਾ ਦੇ ਬਾਗੀ ਨੇਤਾਵਾਂ ਨੇ ‘ਭਾਜਪਾ ਬਚਾਓ’ ਮੰਚ ਬਣਾਇਆ

ਪੱਛਮੀ ਬੰਗਾਲ ’ਚ ਭਾਜਪਾ ਦੇ ਬਾਗੀ ਨੇਤਾਵਾਂ ਨੇ ‘ਭਾਜਪਾ ਬਚਾਓ’ ਮੰਚ ਬਣਾਇਆ ਹੋਇਆ ਹੈ। ਇਸ ਮੰਚ ਦੇ ਨੇਤਾਵਾਂ ਨੇ ਫੈਸਲਾ ਕੀਤਾ ਹੈ ਕਿ ਉਹ ਪਾਰਟੀ ਦੇ ਪੁਰਾਣੇ ਸੂਬਾ ਹੈੱਡਕੁਆਰਟਰ ਦੇ ਬਾਹਰ ਧਰਨੇ ’ਤੇ ਬੈਠਣਗੇ। ਬਾਗੀ ਨੇਤਾਵਾਂ ਦੀ ਮੰਗ ਹੈ ਕਿ ਚੋਣਾਂ ’ਚ ਮਾੜੀ ਕਾਰਗੁਜ਼ਾਰੀ ਲਈ ਪਾਰਟੀ ਦੇ ਮੌਜੂਦਾ ਅਹੁਦੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

ਉੱਤਰ ਪ੍ਰਦੇਸ਼ ’ਚ ਹੋਏ ਨੁਕਸਾਨ ਤੋਂ ਬਾਅਦ ਉੱਠੇ ਸਵਾਲ, ਵਰਕਰਾਂ ਦਾ ਮਨੋਬਲ ਟੁੱਟਿਆ

ਜ਼ਕਿਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਉੱਤਰ ਪ੍ਰਦੇਸ਼ ਦੇ ਨਾਲ ਹੀ ਬੰਗਾਲ ’ਚ ਵੀ ਭਾਜਪਾ ਲਈ ਚੰਗੇ ਨਹੀਂ ਰਹੇ ਹਨ। ਪਾਰਟੀ ਨੇ ਇੱਥੇ 42 ’ਚੋਂ 35 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਸੀ ਪਰ ਉਹ 2019 ਦੀਆਂ ਲੋਕ ਸਭਾ ਚੋਣਾਂ ’ਚ ਜਿੱਤੀਆਂ ਸੀਟਾਂ ਤੋਂ ਵੀ ਕਾਫੀ ਪੱਛੜ ਗਈ, ਜਦਕਿ ਪਾਰਟੀ ਨੇ ਬੰਗਾਲ ’ਚ ਸੀਟਾਂ ਦੀ ਗਿਣਤੀ ਵਧਾਉਣ ਲਈ ਕਾਫੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 4 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੇ ਭਾਜਪਾ ’ਤੇ ਭਾਰੂ ਰਹੀ। ਪਾਰਟੀ ਦੀਆਂ ਲਗਾਤਾਰ ਹਾਰਾਂ ਕਾਰਨ ਇਸ ਦੇ ਵਰਕਰਾਂ ਦਾ ਮਨੋਬਲ ਟੁੱਟਦਾ ਨਜ਼ਰ ਆ ਰਿਹਾ ਹੈ।

ਭਾਜਪਾ ਵਿਧਾਇਕ ਹੀ ਕਹਿ ਰਹੇ ਹਨ ਕਿ 2027 ’ਚ ਨਹੀਂ ਬਣੇਗੀ ਸਰਕਾਰ

ਉੱਤਰ ਪ੍ਰਦੇਸ਼ ’ਚ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਕਈ ਅਜਿਹੇ ਬਿਆਨ ਆਏ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਹਾਲਾਤ ਠੀਕ ਨਹੀਂ ਹਨ। ਭਾਜਪਾ ਵਿਧਾਇਕ ਰਮੇਸ਼ ਚੰਦਰ ਮਿਸ਼ਰਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਹਾਲਾਤ ਨੂੰ ਵੇਖਦੇ ਹੋਏ ਜੇ ਕੇਂਦਰੀ ਲੀਡਰਸ਼ਿਪ ਨੇ ਵੱਡੇ ਫੈਸਲੇ ਨਾ ਲਏ ਤਾਂ 2027 ’ਚ ਭਾਜਪਾ ਦੀ ਸਰਕਾਰ ਨਹੀਂ ਬਣ ਸਕੇਗੀ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ

ਅਸੀਂ ਚੋਣਾਂ ’ਚ ਸਪਾ ਨਾਲ ਨਹੀਂ, ਆਪਣਿਆਂ ਨਾਲ ਲੜ ਰਹੇ ਸੀ

ਪ੍ਰਯਾਗਰਾਜ ’ਚ ਪਾਰਟੀ ਨੇਤਾ ਵਿਨੋਦ ਪ੍ਰਜਾਪਤੀ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ’ਚ ਅਸੀਂ ਸਪਾ ਨਾਲ ਨਹੀਂ, ਆਪਣਿਆਂ ਨਾਲ ਲੜ ਰਹੇ ਸੀ। ਮੁਜ਼ੱਫਰਨਗਰ ’ਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਅਤੇ ਸਾਬਕਾ ਵਿਧਾਇਕ ਸੰਗੀਤ ਸੋਮ ਵਿਚਾਲੇ ਸੋਸ਼ਲ ਮੀਡੀਆ ਤੋਂ ਲੈ ਕੇ ਟੀ. ਵੀ. ਤੱਕ ਸ਼ਬਦੀ ਜੰਗ ਚੱਲ ਰਹੀ ਹੈ। ਇਹ ਅਖਬਾਰਾਂ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ।

ਲੋਕ ਸਭਾ ਚੋਣਾਂ ਦੇ ਮਾੜੇ ਨਤੀਜਿਆਂ ਨੂੰ ਭੁਲਾ ਕੇ ਭਾਜਪਾ ਹੁਣ ਆਉਣ ਵਾਲੇ ਕੁਝ ਮਹੀਨਿਆਂ ’ਚ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਉੱਥੇ ਨਵੀਂ ਊਰਜਾ ਨਾਲ ਮੈਦਾਨ ’ਚ ਉਤਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ- ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ, 'ਬਰਗਰ ਕਿੰਗ' 'ਚ ਗੋਲੀਆਂ ਚਲਾਉਣ ਵਾਲੇ 3 ਸ਼ੂਟਰ ਪੁਲਸ ਨੇ ਕੀਤੇ ਢੇਰ


Rakesh

Content Editor

Related News