ਅਨਿਲ ਵਿਜ ਦੇ ਸਖਤ ਐਕਸ਼ਨ ਤੋਂ ਬਾਅਦ DGP ਨੇ ਬੁਲਾਈ ਬੈਠਕ, ਸ਼ਿਕਾਇਤਾਂ ਦੇ ਜਲਦ ਨਿਪਟਾਰੇ ਦਾ ਦਿੱਤਾ ਆਦੇਸ਼

10/25/2023 6:58:00 PM

ਸੋਨੀਪਤ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸੋਮਵਾਰ ਨੂੰ ਸਖ਼ਤ ਐਕਸ਼ਨ ਲੈਂਦੇ ਹੋਏ ਲਾਪਰਵਾਹੀ ਵਰਤਨ ਵਾਲੇ 372 ਜਾਂਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਇਨ੍ਹਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਇਕ ਸਾਲ 'ਚ ਦਰਜ ਐੱਫ.ਆਈ.ਆਰ. ਦੀ ਜਾਂਚ ਲਟਕਾਈ ਹੋਈ ਹੈ। ਅਜਿਹੀ ਐੱਫ.ਆਈ.ਆਰ. ਦੀ ਗਿਣਤੀ 3229 ਹੈ। ਲਾਪਰਵਾਹ ਅਧਿਕਾਰੀਆਂ 'ਤੇ ਸਖ਼ਤ ਐਕਸ਼ਨ ਲੈਣ ਲਈ ਵਿਜ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। 

ਗ੍ਰਹਿ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਡੀ.ਜੀ.ਪੀ. ਸ਼ਤਰੁਜੀਤ ਕਪੂਰ ਨੂੰ ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਜਿਸ ਤੋਂ ਬਾਅਦ ਡੀ.ਜੀ.ਪੀ. ਨੇ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਬੈਠਕ ਬੁਲਾਈ। ਬੈਠਕ 'ਚ ਡੀ.ਜੀ.ਪੀ. ਨੇ ਸਖਤ ਨਿਰਦੇਸ਼ ਦਿੱਤੇ ਹਨ ਕਿ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ। ਨਾਲ ਹੀ ਇਹ ਜ਼ਰੂਰ ਤੈਅ ਕਰੋ ਕਿ ਜਾਂਚ ਨਿਰਪੱਖ ਹੋਵੇ। ਪੁਲਸ ਥਾਣਿਆਂ 'ਚ ਆਉਣ ਵਾਲੀਆਂ ਸ਼ਿਕਾਇਤਾਂ 'ਤੇ ਕੀਤੀ ਗਈ ਕਾਰਵਾਈ ਨੂੰ ਲੈਕੇ ਅਧਿਕਾਰੀ ਸ਼ਿਕਾਇਤਕਰਤਾਵਾਂ ਨੂੰ ਰੈਂਡਮ ਕਾਲ ਕਰਨ ਅਤੇ ਉਨ੍ਹਾਂ ਤੋਂ ਅਸੰਤੁਸ਼ਟ ਹੋਣ ਦਾ ਕਾਰਨ ਪੁੱਛਣ। ਇਸਦੇ ਆਧਾਰ 'ਤੇ ਥਾਣਿਆਂ ਅਤੇ ਅਧਿਕਾਰੀਆਂ ਦੀ ਰੇਟਿੰਗ ਕੀਤੀ ਜਾਵੇਗੀ। 

ਮੰਗਲਵਾਰ ਨੂੰ ਮੋਗੀਨੰਦ ਪੁਲਸ ਲਾਈਨ 'ਚ ਹੋਈ ਬੈਠਕ 'ਚ ਪੈਂਡਿੰਗ ਮਾਮਲਿਆਂ ਦੇ ਨਾਲ-ਨਾਲ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਡੀ.ਜੀ.ਪੀ. ਕਪੂਰ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਫੀਡਬੈਕ ਸੈੱਲ ਦੇ ਰਾਹੀਂ ਕੀਤੀ ਗਈ ਕਾਲ ਨੂੰ ਆਪਣੇ ਪੱਧਰ 'ਤੇ ਜ਼ਰੂਰ ਚੈੱਕ ਕਰਨ ਅਤੇ ਪਾਰਦਰਸ਼ਿਤਾ ਲਈ ਕਾਲ ਰਿਕਾਰਡਿੰਗ ਕਰਵਾਉਣਾ ਯਕੀਨੀ ਕਰਨ। 

ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ

372 ਜਾਂਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਨੂੰ ਹੁਣ ਤਕ ਦੀ ਹਰਿਆਣਾ ਦੀ ਹੀ ਨਹੀਂ ਸਗੋਂ ਦੇਸ਼ ਦੀ ਵੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਸ਼ਤਰੁਜੀਤ ਕਪੂਰ ਨੂੰ ਲਿੱਖੀ ਗਈ ਚਿੱਠੀ 'ਚ 372 ਜਾਂਚ ਅਧਿਕਾਰੀਆਂ ਕੋਲ ਪੈਂਡਿੰਗ ਮਾਮਲਿਆਂ ਨੂੰ ਡੀ.ਐੱਸ.ਪੀ. ਕੋਲ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਹੈ। ਸੰਬੰਧਿਤ ਡੀ.ਐੱਸ.ਪੀ. ਨੂੰ ਇਕ ਮਹੀਨੇ ਦੇ ਅੰਦਰ ਇਨ੍ਹਾਂ 3229 ਮਾਮਲਿਆਂ ਨੂੰ ਨਜਿੱਠਣਾ ਹੋਵੇਗਾ। ਜੇਕਰ ਉਹ ਇਨ੍ਹਾਂ ਮਾਮਲਿਆਂ ਨੂੰ ਹੱਲ ਨਹੀਂ ਕਰ ਸਕਣਗੇ ਤਾਂ ਉਨ੍ਹਾਂ ਉਪਰ ਵੀ ਵਿਭਾਗ ਦੀ ਕਾਰਵਾਈ ਕੀਤੀ ਜਾਵੇਗੀ। ਵਿਜ ਦੇ ਆਦੇਸ਼ ਨਾਲ ਪੁਲਸ ਵਿਭਾਗ 'ਚ ਹਫੜਾ-ਦਫੜੀ ਮਚੀ ਹੋਈ ਹੈ। 

ਕਿਹੜੇ ਜ਼ਿਲ੍ਹੇ ਦੇ ਕਿੰਨੇ ਅਧਿਕਾਰੀ ਹੋਣਗੇ ਮੁਅੱਤਲ

ਮੁਅੱਤਲ ਹੋਣ ਵਾਲੇ ਕਰਮਚਾਰੀਆਂ 'ਚ ਹਵਲਦਾਰ ਤੋਂ ਲੈ ਕੇ ਏ.ਐੱਸ.ਆਈ. ਅਤੇ ਐੱਸ.ਆਈ. ਤਕ ਸ਼ਾਮਲ ਹਨ। ਗ੍ਰਹਿ ਮੰਤਰੀ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਵੱਲੋਂ ਵਾਰ-ਵਾਰ ਕਹਿਣ ਤੋਂ ਬਾਅਦ ਵੀ ਜਾਂਚ ਅਧਿਕਾਰੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ। 372 ਮੁਅੱਤਲ ਜਾਂਚ ਅਧਿਕਾਰੀਆਂ 'ਚੋਂ ਸਭ ਤੋਂ ਵੱਧ ਸਿਰਸਾ ਜ਼ਿਲ੍ਹੇ ਦੇ 66, ਗੁਰੂਗ੍ਰਾਮ ਦੇ 60, ਫਰੀਦਾਬਾਦ ਦੇ 32, ਪੰਚਕੂਲਾ ਦੇ 10, ਅੰਬਾਲਾ ਦਾ 30, ਯਮੁਨਾਨਗਰ ਦੇ 57, ਕਰਨਾਲ ਦੇ 31, ਹਿਸਾਰ ਦੇ 14, ਪਾਨੀਪਤ ਦੇ 3, ਰੇਵਾੜੀ ਦੇ 5, ਜੀਂਦ ਦੇ 24, ਰੋਹਤਕ ਦੇ 31, ਸੋਨੀਪਤ ਦੇ 9 ਆਈ.ਓ. ਸ਼ਾਮਲ ਹਨ। 


Rakesh

Content Editor

Related News