ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਅਸੀਂ ਕੀ ਖੱਟਿਆ ਤੇ ਕੀ ਗੁਆਇਆ!

06/18/2020 1:07:40 PM

ਮਾਹਲਜੀਤ 

ਭਾਰਤ ਲਗਭਗ ਪੰਜ ਹਜ਼ਾਰ ਸਾਲ ਪੁਰਾਣਾ ਇੱਕ ਮਹਾਨ ਦੇਸ਼ ਹੈ। ਸਿੰਧੂ ਘਾਟੀ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਇਸ ਦਾ ਬਹੁਤ ਵਿਕਾਸ ਹੋਇਆ।ਅਨੇਕਾਂ ਹੀ ਸ਼ਾਸਕਾਂ ਨੇ ਇਸ ਤੇ ਰਾਜ ਕੀਤਾ। ਅਨੇਕਾਂ ਹੀ ਹਮਲਾਵਰ ਇੱਥੇ ਆਏ ਅਤੇ ਇਸ ਤੇ ਰਾਜ ਕਰਕੇ ਚਲੇ ਗਏ। 17ਵੀਂ ਸਦੀ ਵਿੱਚ ਇੱਥੇ ਵਪਾਰ ਕਰਨ ਵਜੋਂ ਆਏ ਅੰਗਰੇਜ਼ਾਂ ਨੇ ਰਾਜ ਕੀਤਾ। ਅਸੀਂ ਸਭ ਜਾਣਦੇ ਹੀ ਹਾਂ ਕਿ ਅੰਗਰੇਜ਼ੀ ਰਾਜ ਦੌਰਾਨ ਭਾਰਤੀਆਂ ਉੱਤੇ ਬਹੁਤ ਜ਼ੁਲਮ ਹੋਇਆ, ਪਰ ਇਸ ਦੇ ਨਾਲ-ਨਾਲ ਅੰਗਰੇਜ਼ਾਂ ਨੇ ਭਾਰਤ ਵਿਚ ਅਗਾਂਹਵਧੂ ਸੋਚ ਦੀ ਨੀਂਹ ਵੀ ਰੱਖੀ।ਬੇਸ਼ੱਕ ਇਸ ਸੋਚ ਪਿੱਛੇ ਵੀ ਉਹਨਾਂ ਦੀਆਂ ਵਾਪਾਰਿਕ ਨੀਤੀਆਂ ਹੀ ਸਨ। ਹਮੇਸ਼ਾਂ ਹੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਉਨ੍ਹਾਂ ਦੋਹਾਂ ਪਹਿਲੂਆਂ ਤੇ ਨਜ਼ਰ ਮਾਰਿਆਂ ਕਈ ਸਵਾਲ ਉੱਭਰ ਕੇ ਸਾਹਮਣੇ ਆਉਂਦੇ ਹਨ। 

ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਅੰਗਰੇਜ਼ਾ ਤੋਂ ਮਿਲੀ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਦੇਸ਼ ਦੇ ਅੱਜ ਜੋ ਹਾਲਾਤ ਹਨ; ਉਹ ਕਿਸੇ ਤੋਂ ਲੁਕੇ ਨਹੀਂ।ਕਈ ਵਾਰ ਤਾਂ ਮਨ `ਚ ਪ੍ਰਸ਼ਨ ਉੱਠਦਾ ਹੈ ਕਿ ਸਾਨੂੰ ਅੰਗਰੇਜ਼ਾਂ ਤੋਂ ਮਿਲੀ ਆਜ਼ਾਦੀ ਦਾ ਕੋਈ ਲਾਭ ਵੀ ਹੋਇਆ ਹੈ ਜਾਂ ਨਹੀਂ?ਅੱਜ ਵੀ ਸਿਸਟਮ ਦੇ ਝੰਬੇ ਲੋਕਾਂ ਦੇ ਮੂੰਹੋਂ ਸਹਿਜ ਸੁਭਾੳ ਨਿਕਲ ਜਾਂਦਾ ਹੈ ਕਿ ਇਸ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀ। ਅੱਜ ਦੇ ਹਾਲਾਤਾਂ ਨੂੰ ਵੇਖ ਕੇ ਤਾਂ ਮਨ `ਚ ਭਰਮ ਪੈਦਾ ਹੁੰਦਾ ਹੈ ਕਿ ਸ਼ਾਇਦ ਜੇ ਅੰਗਰੇਜ਼ ਰਹਿੰਦੇ ਤਾਂ ਅਸੀਂ ਕੁਝ ਜ਼ਿਆਦਾ ਤਰੱਕੀ ਕਰ ਲੈਂਦੇ। ਜਦੋਂ ਅਸੀਂ ਵਰਤਮਾਨ ਆਗੂਆਂ ਦੇ ਕਿਰਦਾਰ ਅਤੇ ਕੰਮ ਕਰਨ ਦੇ ਢੰਗ ਨੂੰ ਵੇਖਦੇ ਹਾਂ ਤਾਂ ਇਹ ਗੱਲ ਤਾਂ ਮੰਨਣ `ਚ ਸ਼ਾਇਦ ਕੋਈ ਹਰਜ਼ ਨਹੀਂ ਹੋਵੇਗਾ ਕਿ ਉਨ੍ਹਾਂ ਵਿੱਚ ਦੇਸ਼ ਨੂੰ ਚਲਾਉਣ ਦੇ ਗੁਣ ਜ਼ਿਆਦਾ ਸਨ। ਉਨ੍ਹਾਂ ਸਮਿਆਂ ਵਿੱਚ ਅੰਗਰੇਜ਼ਾਂ ਨੇ ਜੋ ਕੰਮ ਕੀਤੇ, ਅੱਜ ਤਕਰੀਬਨ ਸੌ ਸਾਲ ਬਾਅਦ ਵੀ ਅਸੀਂ ਉਹੀ ਤਕਨੀਕਾਂ ਵਰਤ ਰਹੇ ਹਾਂ।ਭਾਰਤ ਵਿੱਚ ਆਧੁਨਿਕ ਯੁੱਗ ਦੀ ਸ਼ੁਰੂਆਤ ਅੰਗਰੇਜ਼ਾਂ ਦੇ ਕਾਲ ਵਿੱਚ ਹੀ ਹੋਈ,ਜਿਸ ਸਮੇਂ 16ਅਪ੍ਰੈਲ 1853 ਨੂੰ  ਅੰਗਰੇਜ਼ਾਂ ਨੇ ਬੰਬਈ ਤੇ ਥਾਣੇ ਦੇ ਵਿਚਕਾਰ ਰੇਲਵੇ ਦੀ ਸ਼ੁਰੂਆਤ ਕੀਤੀ। ਉਸ ਸਮੇਂ ਭਾਰਤ ਵਾਸੀਆਂ ਲਈ ਇਹ ਸੋਚਣਾ ਇੱਕ ਸੁਫ਼ਨੇ ਦੇ ਬਰਾਬਰ ਹੀ ਸੀ। ਡਾਕ ਸੇਵਾ ਦੀ ਸ਼ੁਰੂਆਤ ਵੀ ਅੰਗਰੇਜ਼ ਕਾਲ ਵਿੱਚ ਹੀ ਹੋਈ,ਭਾਰਤ ਦਾ ਪਹਿਲਾਂ ਡਾਕ ਟਿਕਟ 1ਅਕਤੂਬਰ 1854 ਨੂੰ ਜਾਰੀ ਹੋਇਆ ।ਅੰਗਰੇਜ਼ਾਂ ਨੇ ਹਰ ਕੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤਾ। ਉਨ੍ਹਾਂ ਨੇ ਨਵੇਂ ਸ਼ਹਿਰ ਵਸਾਏ,ਇਮਾਰਤਾਂ ਅਤੇ ਪੁਲਾਂ ਦਾ ਨਿਰਮਾਣ ਕਰਵਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਸੌ ਸਾਲ ਬੀਤ ਜਾਣ ਬਾਅਦ ਵੀ ਉਹ ਪੁਲ ਅਤੇ ਇਮਾਰਤਾਂ ਕਾਫ਼ੀ ਚੰਗੀ ਹਾਲਤ ਵਿੱਚ ਮੌਜੂਦ ਹਨ।ਇਹ ਨਹੀਂ ਹੈ ਕਿ ਉਸ ਤੋਂ ਬਾਅਦ ਭਾਰਤੀ ਆਗੂਆਂ ਨੇ ਕੁਝ ਨਹੀਂ ਬਣਾਇਆ।ਤਕਨੀਕੀ ਪੱਖ ਤੋਂ ਸ਼ਾਇਦ ਅਸੀਂ ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਹਾਂ ,ਪਰ ਹੈਰਾਨੀ ਹੁੰਦੀ ਹੈ ਇਹ ਸਭ ਹੋਣ ਦੇ ਬਾਵਜੂਦ ਵੀ ਚੰਗਾ ਪ੍ਰਸ਼ਾਸਨ ਕਿੱਥੇ ਰਹਿ ਗਿਆ ਹੈ ?

ਅੰਗਰੇਜ਼ਾ ਦੀ ਮਾਨਸਿਕਤਾ ਦੇ ਦੋ ਪਹਿਲੂ ਸਨ। ਪਹਿਲਾ,ਉਹ ਸਿਰਫ ਰਾਜ ਕਰਨ ਅਤੇ ਭਾਰਤ ਦੇ ਕੱਚੇ ਮਾਲ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਸਨ।ਦੂਜਾ,ਉਹ ਜਾਣਦੇ ਸਨ ਕਿ ਮੁੱਢਲੇ ਵਿਕਾਸ ਬਿਨਾਂ ਇਹ ਲੁੱਟ ਕਰਨੀ ਔਖੀ ਹੋਵੇਗੀ। ਇਸ ਕਰਕੇ ਉਹਨਾਂ ਨੇ ਦੋਨੋ ਕੰਮ ਨਾਲੋ ਨਾਲ ਯਾਰੀ ਰੱਖੇ। ਪਰ ਇਸ ਦੇ ਉਲਟ ਸਾਡੀ ਰਾਜ ਕਰਤਾ ਸ਼੍ਰੇਣੀ ਦਾ ਧਿਆਨ ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਦੇਸ਼ ਨੂੰ ਲੁੱਟਣ ਤੱਕ ਹੀ ਸੀਮਤ ਹੈ। ਇਹ ਅੱਜ ਵੀ ਲੋਕਾਂ ਨੂੰ ਧਰਮਾਂ, ਜਾਤਾਂ-ਪਾਤਾਂ ਵਿੱਚ ਵੰਡ ਕੇ ਵੋਟਾਂ ਲਈ ਵਰਤ ਰਹੇ ਹਨ। ਆਪਸ ਵਿੱਚ ਲੜਾ ਰਹੇ ਹਨ। ਜੋ ਦੇਸ਼ ਸੌ ਸਾਲ ਪਹਿਲਾਂ ਤਕਰੀਬਨ ਸਾਰੀ ਦੁਨੀਆਂ ਦੇ ਬਰਾਬਰ ਚੱਲ ਰਿਹਾ ਸੀ, ਆਜ਼ਾਦ ਹੋਣ ਦੇ ਬਾਵਜੂਦ ਵੀ ਅੱਜ ਕਿੱਥੇ ਖੜ੍ਹਾ ਹੈ?ਸਾਡੇ ਦੇਸ਼ ਵਿੱਚ ਤਾਂ ਕੋਈ ਕਮੀ ਨਹੀਂ ਹੈ।ਕਾਦਰ ਨੇ ਸਾਨੂੰ ਕੁਦਰਤੀ ਭੰਡਾਰਾਂ ਦਾ ਬੇਸ਼ਕੀਮਤੀ ਖ਼ਜ਼ਾਨਾ ਬਖ਼ਸ਼ਿਆ ਹੈ। ਹਰ ਤਰ੍ਹਾਂ ਦਾ ਮੌਸਮ ਸਾਡੇ ਭਾਗੀਂ ਆਉਂਦਾ ਹੈ। ਸਾਡੀ ਕਾਮਾ ਸ਼੍ਰੇਣੀ ਜੇਕਰ ਵਿਦੇਸ਼ਾ `ਚ ਜਾ ਕੇ ਤਰੱਕੀ ਕਰ ਸਕਦੀ ਹੈ ਤਾਂ ਫਿਰ ਇੱਥੇ ਕੀ ਗੱਲ ਹੈ ।ਕਮੀ ਸਿਰਫ ਇਸ ਨੂੰ ਚਲਾਉਣ ਵਾਲਿਆਂ ਵਿੱਚ ਹੈ।ਇਸ ਨੂੰ ਆਪਾਂ ਦੋ ਤਰ੍ਹਾਂ ਆਖ ਸਕਦੇ ਹਾਂ;ਇਹ ਜਾਂ ਤਾਂ ਇਨ੍ਹਾਂ ਦੀ ਨਾਲਾਇਕੀ ਹੈ ਤੇ ਜਾਂ ਫਿਰ ਬੇਈਮਾਨੀ। ਸਾਡੀ ਰਾਜ ਕਰਤਾ ਸ਼੍ਰੇਣੀ ਦਾ ਧਿਆਨ ਹੀ ਸਿਰਫ ਦੇਸ਼ ਨੂੰ ਲੁੱਟਣ ਵੱਲ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇਨ੍ਹਾਂ ਕੋਲ ਅੰਗਰੇਜ਼ਾਂ ਜਿੰਨੀ ਸੂਝ ਬੂਝ ਹੀ ਨਹੀਂ ਹੈ।

ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਆਗੂ ਆਪਣੀ ਮਰਜ਼ੀ ਨਾਲ ਚੁਣਦੇ ਹਾਂ ਪਰ ਸਾਡੇ ਕੋਲ ਕੋਈ ਦੂਸਰਾ ਵਿਕਲਪ ਵੀ ਤਾਂ ਨਹੀਂ ਹੈ। ਦੋਨੋਂ ਧਿਰਾਂ ਇੱਕ ਜਿਹੀਆਂ ਹੀ ਹਨ। ਸਭ ਦੀ ਮਾਨਸਿਕਤਾ ਇੱਕੋ ਜਿਹੀ ਹੈ।ਹੁਣ ਤਾਂ ਇਹ ਲੱਗਦਾ ਹੈ ਕਿ ਇਹਨਾਂ ਦੀ ਤਬੀਅਤ `ਚ ਬਦਲਾਅ ਆਉਣਾ ਵੀ ਹੁਣ ਮੁਸ਼ਕਿਲ ਹੈ।ਅਸੀਂ ਅੱਜ ਵੀ ਧਰਮਾਂ, ਜਾਤਾਂ ਪਾਤਾਂ ਅਤੇ ਅੰਧਵਿਸ਼ਵਾਸਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਾਂ।ਇਸ ਦੇ ਉਲਟ ਸਾਡੇ ਕੋਲ ਆਸਟਰੇਲੀਆ ਤੇ ਨਿਊਜ਼ੀਲੈਂਡ  ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਹਨ, ਜੋ ਕੇ ਅੰਗਰੇਜ਼ਾਂ ਦੀ ਛੱਤਰਛਾਇਆ ਹੇਠ ਲਗਾਤਾਰ ਤਰੱਕੀ ਕਰ ਰਹੇ ਹਨ।ਸਿੰਗਾਪੁਰ ਦੇ ਵਿਕਾਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਥੋੜ੍ਹੇ ਸਮੇਂ ਵਿੱਚ ਹੀ ਇਨ੍ਹਾਂ ਦੇਸ਼ਾਂ ਨੇ ਈਮਾਨਦਾਰੀ ਤੇ ਮਿਹਨਤ ਦੀ ਅਜਿਹੀ ਛਾਪ ਛੱਡੀ ਹੈ ਕਿ ਪੂਰਾ ਵਿਸ਼ਵ ਇਨ੍ਹਾਂ ਵੱਲ ਆਕਰਸ਼ਿਤ ਹੋ ਰਿਹਾ ਹੈ। ਉੱਚ ਦਰਜੇ ਦੀਆਂ ਸਹੂਲਤਾਂ ਅਤੇ ਸੁਰੱਖਿਅਤ ਭਵਿੱਖ ਦਾ ਕਰਕੇ ਸਾਡੇ ਦੇਸ਼ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਲਗਾਤਾਰ ਇਨ੍ਹਾਂ ਦੇਸ਼ਾਂ ਵੱਲ ਜਾ ਰਹੀ ਹੈ। ਸਾਡੇ ਆਗੂਆਂ ਦੀਆਂ ਰਣਨੀਤੀਆਂ ਨੇ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜੇਕਰ ਅੰਗਰੇਜ਼ ਇੱਥੇ ਰਹਿੰਦੇ ਤਾਂ ਕੀ ਸਾਡੇ ਅੱਜ ਦੇ ਹਾਲਾਤ ਕੁਝ ਹੋਰ ਹੁੰਦੇ?                    

   


Harnek Seechewal

Content Editor

Related News