ਸਿੰਘੂ ਸਰਹੱਦ ’ਤੇ ਬੈਠਕ ਤੋਂ ਬਾਅਦ ਬੋਲੇ ਕਿਸਾਨ ਆਗੂ, ਕੱਲ ਹੋਵੇਗਾ ਫ਼ੈਸਲਾ
Tuesday, Dec 07, 2021 - 05:49 PM (IST)
ਨਵੀਂ ਦਿੱਲੀ- ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਸੰਗਠਨ ਅੰਦੋਲਨ ਦੇ ਭਵਿੱਖ ਨੂੰ ਲੈ ਕੇ ਆਮ ਸਹਿਮਤੀ ’ਤੇ ਪਹੁੰਚ ਗਏ ਹਨ, ਕਿਉਂਕਿ ਉਨ੍ਹਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਫ਼ੈਸਲੇ ਦਾ ਰਸਮੀ ਐਲਾਨ ਕੁੱਲ ਯਾਨੀ ਬੁੱਧਵਾਰ ਨੂੰ ਕੀਤਾ ਜਾਵੇਗਾ। ਪ੍ਰਦਰਸ਼ਨ ’ਚ ਸ਼ਾਮਲ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ (ਐੱਸ.ਕੇ.ਐੱਮ.) ਦੀ ਬੈਠਕ ਤੋਂ ਬਾਅਦ ਸੰਧੂ ਨੇ ਕਿਹਾ,‘‘ਸਾਡੇ ਵਲੋਂ ਚੁਕੀਆਂ ਗਈਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਚਿੱਠੀ (ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨਾਲ) ਮਿਲ ਗਈ ਹੈ। ਆਮ ਸਹਿਮਤੀ ਬਣ ਗਈ ਹੈ, ਕੱਲ ਅੰਤਿਮ ਫ਼ੈਸਲੇ ਦਾ ਐਲਾਨ ਕੀਤਾ ਜਾਵੇਗਾ।’’
ਇਕ ਹੋਰ ਕਿਸਾਨ ਆਗੂ ਅਤੇ ਐੱਸ.ਕੇ.ਐੱਮ. ਦੇ ਮੈਂਬਰ ਨੇ ਕਿਹਾ ਕਿ ਬੁੱਧਵਾਰ ਨੂੰ ਅੰਦੋਲਨ ਖ਼ਮਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ’ਤੇ ਮੰਗਾਂ ’ਤੇ ਸਰਕਾਰ ਵਲੋਂ ਕੁਝ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ। ਹਾਲਾਂਕਿ ਬੁੱਧਵਾਰ ਨੂੰ ਐੱਸ.ਕੇ.ਐੱਮ. ਦੀ ਇਕ ਹੋਰ ਬੈਠਕ ਤੋਂ ਬਾਅਦ ਆਖ਼ਰੀ ਫ਼ੈਸਲਾ ਦੇ ਐਲਾਨ ਕੀਤਾ ਜਾਵੇਗਾ। ਅੰਦੋਲਨ ਦੀ ਅਗਵਾਈ ਕਰ ਰਹੇ ਰਹੇ ਐੱਸ.ਕੇ.ਐੱਮ. ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਕਾਨੂੰਨੀ ਗਾਰੰਟੀ, ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਪ੍ਰਦਰਸ਼ਨਕਾਰੀਆਂ ਵਿਰੁੱਧ ਮੁਕੱਦਮੇ ਵਾਪਸ ਲੈਣ ਦੀਆਂ ਪੈਂਡਿੰਗ ਮੰਗਾਂ ’ਤੇ ਸਰਕਾਰ ਨਾਲ ਗੱਲਬਾਤ ਕਰਨ ਲਈ ਸ਼ਨੀਵਾਰ ਨੂੰ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਬੈਠਕ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੀ ਬੁੱਧਵਾਰ ਦੁਪਹਿਰ 2 ਵਜੇ ਬੈਠਕ ਹੋਵੇਗੀ। ਉਨ੍ਹਾਂ ਕਿਹਾ,‘‘ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਵਿਰੁੱਧ ਮਾਮਲੇ ਵਾਪਸ ਲੈਣ ਦੀ ਸਰਕਾਰ ਦੀ ਸ਼ਰਤ ਨੂੰ ਸਵੀਕਾਰ ਨਹੀਂ ਕਰਾਂਗੇ।’’ ਮੋਰਚੇ ਨੇ ਕਿਹਾ ਕਿ ਅਸੀਂ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸਰਕਾਰ ਦੇ ਪ੍ਰਸਤਾਵ ’ਤੇ ਕੁਝ ਸੁਝਾਅ, ਇਤਰਾਜ਼ ਭੇਜੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਮਸੌਦੇ ਅਨੁਸਾਰ, ਸੰਯੁਕਤ ਕਿਸਾਨ ਮੋਰਚੇ ਦੇ 5 ਮੈਂਬਰ ਐੱਮ.ਐੱਸ.ਪੀ. ’ਤੇ ਬਣਨ ਵਾਲੀ ਕਮੇਟੀ ’ਚ ਸ਼ਾਮਲ ਕੀਤੇ ਜਾਣਗੇ। ਉੱਥੇ ਹੀ ਸਰਕਾਰ ਨੇ ਇਕ ਸਾਲ ਦੇ ਅੰਦਰ ਕਿਸਾਨਾਂ ’ਤੇ ਦਰਜ ਕੀਤੇ ਗਏ ਮਾਮਲਿਆਂ ਨੂੰ ਵੀ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਇਲਾਵਾ ਇਸ ਮਸੌਦੇ ’ਚ ਪੰਜਾਬ ਮਾਡਲ ’ਤੇ ਮੁਆਵਜ਼ਾ ਦੇਣ ਦੀ ਗੱਲ ਵੀ ਹੈ। ਹਾਲਾਂਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਬਿਜਲੀ ਬਿੱਲ ਨੂੰ ਲੈ ਕੇ ਕਈ ਸਕਾਰਾਤਮਕ ਗੱਲ ਨਹੀਂ ਹੋਈ ਹੈ।