ਬੰਗਾਲ ’ਚ ਹਾਰਣ ਮਗਰੋਂ ਹੁਣ ਯੂ.ਪੀ. ਦੀ ਸਿਆਸਤ ’ਚ ਇਕੱਲੇ ਹੋਏ ਓਵੈਸੀ

Wednesday, Jul 07, 2021 - 03:34 AM (IST)

ਬੰਗਾਲ ’ਚ ਹਾਰਣ ਮਗਰੋਂ ਹੁਣ ਯੂ.ਪੀ. ਦੀ ਸਿਆਸਤ ’ਚ ਇਕੱਲੇ ਹੋਏ ਓਵੈਸੀ

ਨਵੀਂ ਦਿੱਲੀ - ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਪਾਰਟੀ ਨੇ ਬਿਹਾਰ ਵਿਧਾਨਸਭਾ ਵਿਚ 5 ਸੀਟਾਂ ਹਾਸਲ ਕਰ ਕੇ ਕਰਿਸ਼ਮਾ ਕਰ ਦਿਖਾਇਆ ਸੀ, ਪਰ ਬੰਗਾਲ ਚੋਣਾਂ ਵਿਚ ਹਾਰ ਨਾਲ ਹੋਈ ਫਜ਼ੀਹਤ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਰਨ ਤੋਂ ਨਾਂਹ ਕਰ ਦਿੱਤੀ ਹੈ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਮਾਇਆਵਤੀ ਅਤੇ ਓਵੈਸੀ ਨੇ ਬਿਹਾਰ ਵਿਧਾਨਸਭਾ ਚੋਣਾਂ ਮਿਲਕੇ ਲੜੀਆਂ ਸਨ।

ਇਨਾਂ ਹੀ ਨਹੀਂ ਯੂ. ਪੀ. ਵਿਚ ਛੋਟੀਆਂ-ਛੋਟੀਆਂ ਸਿਆਸੀ ਪਾਰਟੀਆਂ ਜੋ ਪਹਿਲਾ ਓਵੈਸੀ ਦੀ ਪਾਰਟੀ ਨੂੰ ਗਠਜੋੜ ਦਾ ਬਦਲ ਮਨ ਰਹੇ ਸਨ ਉਨ੍ਹਾਂ ਨੇ ਵੀ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ। ਕਾਂਗਰਸ ਨੇ ਉਂਝ ਹੀ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਹੈ ਅਤੇ ਰਹੀ ਗੱਲ ਸਮਾਜਵਾਦੀ ਪਾਰਟੀ ਦੀ ਤਾਂ ਉਸਨੂੰ ਲਗਦਾ ਹੈ ਕਿ ਮੁਸਲਿਮ ਵੋਟ ਬੈਂਕ ਲਈ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ ਹੈ। ਸ਼ਾਇਦ ਇਹੋ ਕਾਰਨ ਹੈ ਕਿ ਹੁਣ ਓਵੈਸੀ ਨੇ ਯੂ. ਪੀ. ਦੀਆਂ 100 ਸੀਟਾਂ ’ਤੇ ਇਕੱਲੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ- 10 ਸਾਲ ਮੰਤਰੀ ਰਹੇ ਮੰਗੁਭਾਈ ਪਟੇਲ ਬਣੇ ਐੱਮ.ਪੀ. ਦੇ ਰਾਜਪਾਲ, 8ਵੀਂ ਤੱਕ ਕੀਤੀ ਹੈ ਪੜ੍ਹਾਈ

ਓਵੈਸੀ ਨੇ ਚੋਣ ਅਖਾੜੇ ’ਚ ਕੁੱਦਣ ਦੇ ਐਲਾਨ ਤੋਂ ਬਾਅਦ ਇਹ ਵੀ ਕਿਹਾ ਕਿ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਪ੍ਰਧਾਨ ਓਪੀ ਰਾਜਭਰ ਦੇ ਭਾਗੀਦਾਰ ਸੰਕਲਪ ਮੋਰਚਾ ਨਾਲ ਹਨ। ਜਦਕਿ ਰਾਜਭਰ ਦੀ ਓਵੈਸੀ ਦੇ ਐਲਾਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਇਥੇ ਜ਼ਿਕਰਯੋਗ ਇਹ ਹੈ ਕਿ ਯੂ. ਪੀ. ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਪ੍ਰਧਾਨ ਓਪੀ ਰਾਜਭਰ ਲਈ ਗਠਜੋੜ ਵਿਚ ਵਾਪਸੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਪਰ ਰਾਜਭਰ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਤੋਂ ਨਾਂਹ ਕਰ ਦਿੱਤੀ ਹੈ। ਰਾਜਭਰ ਨੇ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਡੁੱਬਦੀ ਹੋਈ ਪਾਰਟੀ ਹੈ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਰਾਜਭਰ ਅਜੇ ਸਮਾਜਵਾਦੀ ਪਾਰਟੀ ਦੇ ਨਾਲ ਹੀ ਸਿਆਸਤ ਸਮੀਕਰਨ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ

2017 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਰਾਜਭਰ ਯੋਗੀ ਸਰਕਾਰ ਵਿਚ ਮੰਤਰੀ ਵੀ ਬਣਾਏ ਗਏ ਸਨ, ਪਰ 2019 ਦੀਆਂ ਲੋਕਸਭਾ ਚੋਣਾਂ ਵਿਚ ਸੀਟਾਂ ਦੀ ਵੰਡ ’ਤੇ ਵਿਵਾਦ ਹੋਣ ਤੋਂ ਬਾਅਦ ਉਹ ਭਾਜਪਾ ਤੋਂ ਵੱਖ ਹੋ ਗਏ ਸਨ। ਬਿਹਾਰ ਵਿਧਾਨਸਭਾ ਵਿਚ 5 ਸੀਟਾਂ ਹਾਸਲ ਕਰਨ ਤੋਂ ਬਾਅਦ ਓਵੈਸੀ ਦਾ ਕਦ ਵਧਿਆ ਸੀ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਕਾਰਨ ਬੰਗਾਲ ਵਿਚ ਮੁਸਲਿਮ ਵੋਟਾਂ ਦੀ ਵੰਡ ਹੋ ਜਾਏਗੀ।

ਜਦਕਿ ਚੋਣਾਂ ਵਿਚ ਅਜਿਹਾ ਕੁਝ ਵੀ ਨਹੀਂ ਹੋਇਆ। ਉਨ੍ਹਾਂ ਦੇ ਸਾਰੇ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਅਤੇ ਸੂਬੇ ਵਿਚ ਉਨ੍ਹਾਂ ਨੂੰ ਕੁਲ ਸੀਟਾਂ ’ਤੇ ਦਸ ਹਜ਼ਾਰ ਵੋਟਾਂ ਵੀ ਨਹੀਂ ਮਿਲ ਸਕੀਆਂ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁਸਲਿਮ ਵੋਟਰ ਇਸ ਗੱਲ ਨੂੰ ਜਾਣ ਗਏ ਸਨ ਕਿ ਬੰਗਾਲ ਵਿਚ ਸਰਕਾਰ ਮਮਤਾ ਬੈਨਰਜੀ ਦੀ ਬਣੇਗੀ ਇਸ ਲਈ ਉਨ੍ਹਾਂ ਦਾ ਵੋਟ ਬੈਂਕ ਟੁੱਟਿਆ ਹੀ ਨਹੀਂ। ਯੂ. ਪੀ. ਦੀ ਸਿਆਸੀ ਪਾਰਟੀਆਂ ਵਿਚ ਇਹ ਸਨੇਹਾ ਚਲਿਆ ਗਿਆ ਹੈ ਕਿ ਓਵੈਸੀ ਮੁਸਲਿਮ ਵੋਟ ’ਤੇ ਜ਼ਿਆਦਾ ਸੱਟ ਨਹੀਂ ਕਰ ਸਕਦੇ ਹਨ, ਪਰ ਹੁਣ ਉਨ੍ਹਾਂ ਨੂੰ ਯੂ. ਪੀ. ਵਿਚ ਬਹੁਤ ਘੱਟ ਤਰਜੀਹ ਦਿੱਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News