Delhi-NCR ''ਚ ਭਾਰੀ ਬਾਰਿਸ਼ ਮਗਰੋਂ ਕਈ ਸੜਕਾਂ ਪਾਣੀ ''ਚ ਡੁੱਬੀਆਂ, ਕਈ ਥਾਈਂ ਹੋਇਆ ਟ੍ਰੈਫਿਕ ਜਾਮ
Saturday, Aug 10, 2024 - 06:51 AM (IST)
ਨਵੀਂ ਦਿੱਲੀ : ਦਿੱਲੀ ਦੇ ਕੁਝ ਹਿੱਸਿਆਂ 'ਚ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਕਈ ਥਾਵਾਂ 'ਤੇ ਟ੍ਰੈਫਿਕ ਜਾਮ ਅਤੇ ਪਾਣੀ ਭਰ ਜਾਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਪਹਿਲਾਂ ਸ਼ਹਿਰ ਨੂੰ ਬਿਨਾਂ ਕਿਸੇ ਚਿਤਾਵਨੀ ਦੇ ‘ਗਰੀਨ’ ਜ਼ੋਨ ਵਿਚ ਰੱਖਿਆ ਸੀ ਪਰ ਬਾਅਦ ਵਿਚ ‘ਤਿਆਰ ਰਹਿਣ’ ਲਈ ‘ਆਰੇਂਜ’ ਅਲਰਟ ਜਾਰੀ ਕਰ ਦਿੱਤਾ। ਭਾਰਤੀ ਮੌਸਮ ਵਿਭਾਗ (IMD) ਦੇ ਅੰਕੜਿਆਂ ਅਨੁਸਾਰ ਪਾਲਮ ਵਿਚ 3 ਘੰਟਿਆਂ ਵਿਚ 41.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸ਼ਹਿਰ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਨੇ 2.8 ਮਿਲੀਮੀਟਰ ਬਾਰਿਸ਼ ਦਰਜ ਕੀਤੀ।
ਅੰਕੜਿਆਂ ਮੁਤਾਬਕ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਨਜਫਗੜ੍ਹ 'ਚ 6.5 ਮਿਲੀਮੀਟਰ, ਆਯਾ ਨਗਰ 'ਚ 5.8 ਮਿਲੀਮੀਟਰ, ਦਿੱਲੀ ਯੂਨੀਵਰਸਿਟੀ 'ਚ 3.5 ਮਿਲੀਮੀਟਰ ਅਤੇ ਪੂਸਾ 'ਚ 4.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਪ੍ਰਾਪਤ ਹੋਈਆਂ ਤਸਵੀਰਾਂ ਵਿਚ ਯਾਤਰੀ ਪਾਣੀ ਭਰੀਆਂ ਸੜਕਾਂ ਤੋਂ ਲੰਘਦੇ ਦੇਖੇ ਗਏ।
ਇਹ ਵੀ ਪੜ੍ਹੋ : ਜੇਲ੍ਹਰ ਦੀਪਕ ਸ਼ਰਮਾ ਮੁਅੱਤਲ, ਡਾਂਸ ਕਰਦੇ ਹੋਏ ਪਿਸਤੌਲ ਲਹਿਰਾਉਣ ਦਾ ਵੀਡੀਓ ਹੋਇਆ ਸੀ ਵਾਇਰਲ
NH-48 ਅਤੇ ਇੰਡੀਆ ਗੇਟ 'ਤੇ ਵੀ ਭਾਰੀ ਟ੍ਰੈਫਿਕ ਜਾਮ ਰਿਹਾ। ਗੁਰੂਗ੍ਰਾਮ ਅਤੇ ਹਵਾਈ ਅੱਡੇ ਤੋਂ ਧੌਲਾ ਕੂਆਂ ਤੱਕ ਦੇ ਰੂਟ 'ਤੇ ਵਾਹਨਾਂ ਦੀ ਲੰਬੀ ਲਾਈਨ ਦੇਖਣ ਨੂੰ ਮਿਲੀ। ਭਾਰੀ ਟ੍ਰੈਫਿਕ ਜਾਮ ਕਾਰਨ ਦਿੱਲੀ ਦੇ ਕਾਲਕਾਜੀ ਮੰਦਰ ਅਤੇ ਨਹਿਰੂ ਪਲੇਸ ਤੋਂ ਚਿਰਾਗ ਦਿੱਲੀ ਅਤੇ ਆਈਆਈਟੀ ਦਿੱਲੀ ਵੱਲ ਜਾਣ ਵਾਲੀ ਸੜਕ 'ਤੇ ਵਾਹਨ ਹੌਲੀ ਰਫ਼ਤਾਰ 'ਚ ਅੱਗੇ ਵਧਦੇ ਹੋਏ ਵੇਖੇ ਗਏ। ਇੱਥੇ ਕਰੀਬ 1 ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਦਿੱਲੀ ਪੁਲਸ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਆਨੰਦ ਪਰਬਤ 'ਤੇ ਪਾਣੀ ਭਰਨ ਕਾਰਨ ਨਿਊ ਰੋਹਤਕ ਰੋਡ 'ਤੇ ਦੋਹਾਂ ਦਿਸ਼ਾਵਾਂ 'ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲਸ ਨੇ ਸੜਕ ਦੇ ਇਕ ਪਾਸੇ ਪਾਣੀ ਭਰਨ ਦੀ ਵੀਡੀਓ ਵੀ ਨੱਥੀ ਕੀਤੀ ਹੈ। ਲਿਬਰਟੀ ਸਿਨੇਮਾ ਤੋਂ ਪੰਜਾਬੀ ਬਾਗ ਵੱਲ ਜਾਣ ਵਾਲੀ ਆਵਾਜਾਈ ਨੂੰ ਅਸਥਾਈ ਤੌਰ 'ਤੇ ਕਮਲ ਟੀ-ਪੁਆਇੰਟ ਰਾਹੀਂ ਵੀਰ ਬੰਦਾ ਬੈਰਾਗੀ ਮਾਰਗ ਅਤੇ ਫਿਰ ਸਵਾਮੀ ਨਾਰਾਇਣ ਮਾਰਗ, ਇੰਦਰਲੋਕ ਅਤੇ ਅਸ਼ੋਕ ਵਿਹਾਰ ਰਾਹੀਂ ਮੋੜ ਦਿੱਤਾ ਗਿਆ।
ਇਸ ਤੋਂ ਇਲਾਵਾ ਪੰਜਾਬੀ ਬਾਗ ਤੋਂ ਪਹਾੜਗੰਜ ਜਾਂ ਕੇਂਦਰੀ ਦਿੱਲੀ ਵੱਲ ਜਾਣ ਵਾਲੀ ਆਵਾਜਾਈ ਨੂੰ ਮੋਤੀ ਨਗਰ ਅਤੇ ਪਟੇਲ ਰੋਡ ਵੱਲ ਮੋੜ ਦਿੱਤਾ ਗਿਆ। ਢਾਂਸਾ ਸਟੈਂਡ ਅਤੇ ਬਹਾਦਰਗੜ੍ਹ ਸਟੈਂਡ ’ਤੇ ਪਾਣੀ ਭਰ ਜਾਣ ਕਾਰਨ ਨਜਫਗੜ੍ਹ ਫਿਰਨੀ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਲੋਕ ਨਿਰਮਾਣ ਵਿਭਾਗ ਅਤੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੂੰ ਪਾਣੀ ਭਰਨ ਅਤੇ ਦਰੱਖਤਾਂ ਦੇ ਪੁੱਟਣ ਬਾਰੇ ਕਈ ਕਾਲਾਂ ਆਈਆਂ।
ਵਿਭਾਗ ਨੂੰ ਪਾਣੀ ਭਰਨ ਦੀਆਂ 17 ਸ਼ਿਕਾਇਤਾਂ ਅਤੇ ਦਰੱਖਤਾਂ ਦੇ ਪੁੱਟਣ ਦੀਆਂ 28 ਸ਼ਿਕਾਇਤਾਂ ਪ੍ਰਾਪਤ ਹੋਈਆਂ। ਆਈਐੱਮਡੀ ਦੇ ਸੱਤ ਦਿਨਾਂ ਦੀ ਭਵਿੱਖਬਾਣੀ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਅਗਲੇ ਦੋ ਦਿਨਾਂ ਦੌਰਾਨ 'ਯੈਲੋ' ਅਲਰਟ 'ਤੇ ਰਹੇਗੀ। ਆਈਐੱਮਡੀ ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.6 ਡਿਗਰੀ ਵੱਧ ਹੈ। ਸ਼ਾਮ 5:30 ਵਜੇ ਨਮੀ ਦਾ ਪੱਧਰ 100 ਫੀਸਦੀ ਸੀ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬੱਦਲਵਾਈ ਅਤੇ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8