ਭਾਰਤੀ ਫੌਜ ਦਾ ਮਕਬੂਜ਼ਾ ਕਸ਼ਮੀਰ ''ਚ ਸਰਜੀਕਲ ਆਪਰੇਸ਼ਨ, ਅੱਤਵਾਦੀਆਂ ਦੇ 5 ਕੈਂਪ ਕੀਤੇ ਤਬਾਹ

09/29/2016 5:10:29 PM

ਨਵੀਂ ਦਿੱਲੀ— ਉੜੀ ਹਮਲੇ ''ਚ ਪਾਕਿਸਤਾਨ ਦਾ ਹੱਥ ਸਪੱਸ਼ਟ ਹੋਣ ਜਾਣ ਤੋਂ ਪਿੱਛੋਂ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ''ਚ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਦਰਭ ''ਚ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਡਿਪਲੋਮੈਟਕ ਅਤੇ ਸਿਆਸੀ ਪੱਧਰ ''ਤੇ ਪੂਰੀ ਤਰ੍ਹਾਂ ਘੇਰਿਆ ਗਿਆ, ਜਿਸ ਦੌਰਾਨ ਇਸਲਾਮਾਬਾਦ ''ਚ ਹੋਣ ਵਾਲਾ ਸਾਰਕ ਸੰਮੇਲਨ ਵੀ ਰੱਦ ਕਰਨਾ ਪਿਆ। ਇਸ ਦੇ ਬਾਵਜੂਦ ਪਾਕਿਸਤਾਨ ਵੱਲੋਂ ਹਮਲਾਵਰ ਰੁਖ ਅਪਣਾਏ ਜਾਣ ਅਤੇ ਅੱਤਵਾਦ ਨੂੰ ਸ਼ਹਿ ਦਿੱਤੇ ਜਾਣ ਦੇ ਨਤੀਜੇ ਵਜੋਂ ਭਾਰਤ ਨੇ ਹੁਣ ਇਸ ਮੋਰਚੇ ''ਤੇ ਵੀ ਪਾਕਿਸਤਾਨ ਨੂੰ ਉਸੇ ਦੇ ਅੰਦਾਜ ''ਚ ਮੂੰਹ ਤੋੜ ਜਵਾਬ ਦਿੱਤਾ ਹੈ। ਵੀਰਵਾਰ ਨੂੰ ਸਵੇਰੇ ਦਿੱਲੀ ''ਚ ਸੰਸਦ ਦੀ ਵਿਸ਼ੇਸ਼ ਕਮੇਟੀ ਦੀ ਇਕ ਮੀਟਿੰਗ ਹੋਈ, ਜਿਸ ''ਚ ਅਜਿਹੀ ਰਣਨੀਤੀ ਤਿਆਰ ਕੀਤੇ ਜਾਣ ਦੀ ਚਰਚਾ ਹੈ। ਜਿਸ ਨਾਲ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਫੌਜ ਦੇ ਡੀ.ਜੀ.ਐੱਮ.ਓ. ਰਣਬੀਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਉੜੀ ਅਤੇ ਪੁੰਛ ''ਚ ਅੱਤਵਾਦੀ ਹਮਲਾ ਕੀਤਾ, ਜਿਸ ਦਾ ਭਾਰਤ ਦੇ ਸੈਨਿਕਾਂ ਨੇ ਢੁੱਕਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਫੜੇ ਗਏ ਅੱਤਵਾਦੀਆਂ ਨੇ ਹਮਲੇ ਦੀ ਗੱਲ ਵੀ ਕਬੂਲ ਕੀਤੀ ਹੈ ਅਤੇ ਨਾਲ ਹੀ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਫੌਜ ਨੇ ਸਿਖਲਾਈ ਦੇ ਨਾਲ-ਨਾਲ ਹਥਿਆਰ ਵੀ ਦਿੱਤੇ ਸਨ। ਇਸ ਦੌਰਾਨ ਅੱਤਵਾਦੀਆਂ ਦਾ ਇਕ ਹੋਰ ਵੱਡਾ ਗਰੁੱਪ ਮਕਬੂਜ਼ਾ ਕਸ਼ਮੀਰ ''ਚ ਭਾਰਤ ''ਤੇ ਹਮਲੇ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਭਾਰਤੀ ਫੌਜ ਨੇ ਉਨ੍ਹਾਂ ਦੇ ਟਿਕਾਣੇ ''ਤੇ ਸਰਜੀਕਲ ਸਟਰਾਈਕ ਕੀਤਾ, ਜਿਸ ਨਾਲ ਅੱਤਵਾਦੀਆਂ ਦਾ ਨਾ ਸਿਰਫ ਨੁਕਸਾਨ ਹੋਇਆ ਸਗੋਂ ਉਨ੍ਹਾਂ ਦੇ ਮਨਸੂਬਿਆਂ ''ਤੇ ਪਾਣੀ ਫਿਰ ਗਿਆ ਅਤੇ ਪਾਕਿਸਤਾਨ ਦੇ ਗਲਤ ਇਰਾਦਿਆਂ ਦੀ ਵੀ ਕਰਾਰੀ ਹਾਰ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਿਕਾਂ ਦੀਆਂ 20 ਸ਼ਹਾਦਤਾਂ ਤੋਂ ਪਿੱਛੋਂ 10 ਦਿਨ ਗੁਜ਼ਰ ਜਾਣ ਦੇ ਬਾਅਦ ਆਖਰਕਾਰ ਭਾਰਤ ਦੇ ਸਬਰ ਦਾ ਪਿਆਲਾ ਉੱਛਲ ਗਿਆ ਅਤੇ ਉਸ ਨੂੰ ਅਜਿਹੀ ਕਾਰਵਾਈ ਲਈ ਮਜ਼ਬੂਰ ਹੋਣਾ ਪਿਆ।
ਫੌਜੀ ਅਧਿਕਾਰੀ ਨੇ ਕਿਹਾ ਕਿ ਜਿਹੜੇ ਅੱਤਵਾਦੀਆਂ ਨੇ ਉੜੀ ''ਤੇ ਹਮਲਾ ਕੀਤਾ ਸੀ ਅਸੀਂ ਉਨ੍ਹਾਂ ਦੇ ਡੀ.ਐੱਨ.ਏ. ਪਾਕਿਸਤਾਨ ਨੂੰ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਬੀਤੇ 24 ਘੰਟਿਆਂ ਵਿਚ 3 ਵਾਰ ਭਾਰਤੀ ਸਰਹੱਦਾਂ ਦੀ ਉਲੰਘਣਾ ਕੀਤੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਤਵਾਦੀ ਹਮਲਿਆਂ ਦੌਰਾਨ ਮਿਲਿਆ ਸਾਮਾਨ ਵੀ ਇਹ ਜ਼ਾਹਰ ਕਰਦਾ ਹੈ ਕਿ ਇਸ ਸਭ ਦੇ ਪਿੱਛੇ ਪਾਕਿਸਤਾਨ ਹੈ ਅਤੇ ਇਹੋ ਹੀ ਗੱਲ ਫੜੇ ਗਏ ਅੱਤਵਾਦੀਆਂ ਨੇ ਕਬੂਲ ਕੀਤੀ ਹੈ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਅਤੀਤ ਵਿਚ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਰਕਤਾਂ ਅਤੇ ਅੱਤਵਾਦੀਆਂ ਦੇ ਹਮਲਿਆਂ ਸੰਬੰਧੀ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਅੱਤਵਾਦ ਨੂੰ ਖਤਮ ਕਰਨ ''ਚ ਪਾਕਿਸਤਾਨ ਭਾਰਤ ਦਾ ਸਾਥ ਦੇਵੇ। 
ਇਸ ਦੌਰਾਨ ਫੌਜ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਤੇ ਦਿਨਾਂ ''ਚ ਪਾਕਿਸਤਾਨ ਵੱਲੋਂ ਘੁਸਪੈਠ ਦੀਆਂ 20 ਕੋਸ਼ਿਸ਼ਾਂ ਭਾਰਤੀ ਫੌਜੀਆਂ ਨੇ ਅਸਫਲ ਬਣਾ ਦਿੱਤੀਆਂ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਅੱਤਵਾਦੀਆਂ ਦੇ 5 ਕੈਂਪਾਂ ''ਤੇ ਹਮਲਾ ਕੀਤਾ ਹੈ ਅਤੇ 38 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਉੱਥੇ ਹੀ ਇਕ ਖੁਲਾਸੇ ਤੋਂ ਬਾਅਦ ਸਦਮੇ ''ਚ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਇਸ ਨੂੰ ਸਾਡੀ ਕਮਜ਼ੋਰੀ ਨਾ ਸਮਝੇ।


Disha

News Editor

Related News