ਮਾਪਿਆਂ ਦੀ ਉਡੀਕ ਖ਼ਤਮ; ਦਿੱਲੀ ''ਚ ਅੱਜ ਤੋਂ ਮਿਲੇਗਾ ਨਰਸਰੀ ਜਮਾਤਾਂ ''ਚ ਦਾਖ਼ਲਾ
Thursday, Nov 23, 2023 - 11:32 AM (IST)
ਨਵੀਂ ਦਿੱਲੀ- ਦਿੱਲੀ ਦੇ ਪ੍ਰਾਈਵੇਟ ਸਕੂਲਾਂ 'ਚ ਨਰਸਰੀ ਦੀਆਂ ਜਮਾਤਾਂ 'ਚ ਦਾਖ਼ਲੇ ਦੀ ਰਾਹ ਵੇਖ ਰਹੇ ਮਾਪਿਆਂ ਲਈ ਅਹਿਮ ਸੂਚਨਾ ਹੈ। ਅੱਜ ਯਾਨੀ ਕਿ 23 ਨਵੰਬਰ ਨੂੰ ਪ੍ਰਾਈਵੇਟ ਸਕੂਲਾਂ ਵਿਚ ਇਨ੍ਹਾਂ ਜਮਾਤਾਂ 'ਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਲਸੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਵਿੱਦਿਅਕ ਸਾਲ 2024-25 ਲਈ ਨਰਸਰੀ, ਕੇਜੀ ਅਤੇ ਕਲਾਸ ਪਹਿਲੀ 'ਚ ਦਾਖਲੇ ਲਈ ਅਰਜ਼ੀ ਦੀ ਪ੍ਰਕਿਰਿਆ 23 ਨਵੰਬਰ, 2023 ਤੋਂ ਸ਼ੁਰੂ ਹੋਵੇਗੀ ਅਤੇ 15 ਦਸੰਬਰ, 2023 ਤੱਕ ਜਾਰੀ ਰਹੇਗੀ। ਦਾਖਲਾ ਫਾਰਮ ਭਰਨ ਲਈ ਮਾਪਿਆਂ ਨੂੰ 25 ਰੁਪਏ ਫੀਸ ਜਮ੍ਹਾ ਕਰਵਾਉਣੀ ਪਵੇਗੀ। ਬਿਨਾਂ ਫੀਸ ਦੇ ਜਮ੍ਹਾਂ ਕਰਵਾਏ ਗਏ ਕੋਈ ਵੀ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ- 38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ
ਨਰਸਰੀ ਕਲਾਸਾਂ 'ਚ ਦਾਖ਼ਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ 2024 ਨੂੰ 4 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਕੇਜੀ ਕਲਾਸ ਲਈ ਉਮਰ ਹੱਦ 5 ਸਾਲ ਅਤੇ ਪਹਿਲੀ ਜਮਾਤ 'ਚ ਦਾਖ਼ਲੇ ਲਈ ਵੱਧ ਤੋਂ ਵੱਧ ਉਮਰ ਹੱਦ 6 ਸਾਲ ਤੈਅ ਕੀਤੀ ਗਈ ਹੈ। ਉਮਰ ਹੱਦ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਲਈ ਦਾਖ਼ਲਾ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ- ਉੱਤਰਕਾਸ਼ੀ ਤੋਂ ਆਈ ਰਾਹਤ ਭਰੀ ਖ਼ਬਰ, 35-40 ਘੰਟਿਆਂ 'ਚ ਬਾਹਰ ਆ ਸਕਦੇ ਹਨ ਮਜ਼ਦੂਰ
ਉਮਰ ਹੱਦ ਤੋਂ ਇਲਾਵਾ ਨਰਸਰੀ ਸਮੇਤ ਹੋਰ ਜਮਾਤਾਂ 'ਚ ਦਾਖ਼ਲੇ ਲਈ ਹੋਰ ਮਾਪਦੰਡ ਵੀ ਤੈਅ ਕੀਤੇ ਗਏ ਹਨ, ਜਿਵੇਂ ਕਿ ਘਰ ਤੋਂ ਸਕੂਲ ਦੀ ਦੂਰੀ ਆਦਿ। ਇਸ ਲਈ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਕੂਲ ਦੀ ਵੈੱਬਸਾਈਟ https://www.edudel.nic.in 'ਤੇ ਜਾਣ ਅਤੇ ਇਸ ਨਾਲ ਸਬੰਧਤ ਨਿਯਮਾਂ ਅਤੇ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਅਪਲਾਈ ਕਰਨ, ਤਾਂ ਜੋ ਅਰਜ਼ੀ ਫਾਰਮ ਵਿਚ ਕੋਈ ਗਲਤੀ ਨਾ ਹੋਵੇ।