ਹੱਥ ਜੋੜ ਕੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਂਦੇ ਹਨ ਤਾਮਿਲਨਾਡੂ ਦੇ ਇਹ ਹੈੱਡ ਮਾਸਟਰ

Thursday, Feb 08, 2018 - 05:30 PM (IST)

ਹੱਥ ਜੋੜ ਕੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਂਦੇ ਹਨ ਤਾਮਿਲਨਾਡੂ ਦੇ ਇਹ ਹੈੱਡ ਮਾਸਟਰ

ਤਾਮਿਲਨਾਡੂ— ਦੇਸ਼ ਦੇ ਸਕੂਲ 'ਚ ਵਿਦਿਆਰਥੀਆਂ ਦੀ ਕੁੱਟਮਾਰ ਦੀਆਂ ਖਬਰਾਂ ਹਮੇਸ਼ਾ ਸੁਰਖੀਆਂ 'ਚ ਰਹਿੰਦੀਆਂ ਹਨ, ਅਜਿਹੇ 'ਚ ਤਾਮਿਲਨਾਡੂ ਦੇ ਵਿੱਲੂਪੁਰਮ 'ਚ ਹਾਇਰ ਸੈਕੰਡਰੀ ਸਕੂਲ 'ਚ ਹੈੱਡ ਮਾਸਟਰ ਡੀ. ਬਾਲੂ ਸਾਰੇ ਅਧਿਆਪਕਾਂ ਲਈ ਇਕ ਆਦਰਸ਼ ਉਦਾਹਰਣ ਹਨ। ਡੀ. ਬਾਲੂ ਵਿਦਿਆਰਥੀਆਂ ਨੂੰ ਅਨੁਸ਼ਾਸਨ 'ਚ ਰੱਖਣ ਲਈ ਹੋਰ ਅਧਿਆਪਕਾਂ ਦੀ ਤਰ੍ਹਾਂ ਛੜੀ ਦਾ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਮਜ਼ਬੂਤ ਹਥਿਆਰ ਦਯਾ ਅਤੇ ਮੁਆਫ਼ੀ ਦੀ ਵਰਤੋਂ ਕਰਦੇ ਹਨ। ਸਕੂਲ 'ਚ ਦੇਰੀ ਨਾਲ ਆਉਣ ਵਾਲੇ ਸ਼ੈਤਾਨੀ ਕਰਨ ਵਾਲੇ ਅਤੇ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀ ਉਸ ਸਮੇਂ ਪੜ੍ਹਾਈ ਤੋਂ ਬਹਾਨਾ ਨਹੀਂ ਬਣਾ ਪਾਉਂਦੇ, ਜਦੋਂ ਉਨ੍ਹਾਂ ਦੇ ਹੈੱਡ ਮਾਸਟਰ ਉਨ੍ਹਾਂ ਦੇ ਘਰਾਂ 'ਚ ਜਾਂਦੇ ਹਨ। ਡੀ. ਬਾਲੂ ਇਨ੍ਹਾਂ ਵਿਦਿਆਰਥੀਆਂ ਦੇ ਘਰਾਂ 'ਚ ਜਾ ਕੇ ਹੱਥ ਜੋੜ ਕੇ ਉਨ੍ਹਾਂ ਨੂੰ ਪੜ੍ਹਾਈ ਕਰਨ ਦੀ ਅਪੀਲ ਕਰਦੇ ਹਨ। ਕਈ ਵਾਰ ਤਾਂ ਹੈੱਡ ਮਾਸਟਰ ਇਕ ਕਦਮ ਹੋਰ ਅੱਗੇ ਵਧਦੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸਾਹਮਣੇ ਹੱਥ ਜੋੜਦੇ ਹਨ ਅਤੇ ਹਰ ਦਿਨ ਸਕੂਲ ਆਉਣ ਲਈ ਕਹਿੰਦੇ ਹਨ। ਕਾਮਰਾਜ ਮਿਊਂਸਪਲ ਹਾਇਰ ਸੈਕੰਡਰੀ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਬਾਲੂ ਨੇ ਉਸੇ ਸਕੂਲ 'ਚ 1984 'ਚ ਕਾਮਰਸ ਦੇ ਟੀਚਰ ਦੇ ਰੂਪ ਜੁਆਇਨ ਕੀਤਾ ਸੀ। ਬੱਚਿਆਂ ਨਾਲ ਇਸ ਤਰ੍ਹਾਂ ਨਾਲ ਜੁੜਨ ਕਾਰਨ ਜਮਾਤ 'ਚ ਕਾਫੀ ਅਸਰ ਪਿਆ ਅਤੇ ਵਿਦਿਆਰਥੀਆਂ ਦੀ ਗਿਣਤੀ ਵਧ ਗਈ। ਬਾਲੂ ਕਹਿੰਦੇ ਹਨ,''ਸਕੂਲ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਪਹਿਲੀ ਪੀੜ੍ਹੀ ਦੇ ਹਨ, ਜਿਨ੍ਹਾਂ ਨੇ ਜਮਾਤ 8 ਜਾਂ ਜਮਾਤ 10 ਦੀ ਪ੍ਰੀਖਿਆ ਪਾਸ ਕੀਤੀ ਹੈ।''
ਉਨ੍ਹਾਂ ਨੇ ਕਿਹਾ,''ਸਖਤ ਮਿਹਨਤ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਪੜ੍ਹਾਈ ਛੱਡਣ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੀ। ਜਲਦੀ ਨਹੀਂ ਸਿੱਖ ਪਾਉਣ ਕਾਰਨ ਉਨ੍ਹਾਂ ਨੂੰ ਅੱਗੇ ਪੜ੍ਹਣ ਲਈ ਕਾਫੀ ਉਤਸ਼ਾਹਤ ਕਰਨਾ ਪਿਆ।'' ਹੋਰ ਅਧਿਆਪਕਾਂ ਦੀ ਤਰ੍ਹਾਂ ਬਾਲੂ ਨੇ ਵੀ ਸ਼ੁਰੂ 'ਚ ਪੜ੍ਹਾਈ ਤੋਂ ਦੌੜਨ ਵਾਲੇ ਵਿਦਿਆਰਥੀਆਂ ਨੂੰ ਫਟਕਾਰਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਬਾਲੂ ਨੇ ਕਿਹਾ,''ਮੈਂ ਪਾਇਆ ਕਿ ਇਸ ਤਰੀਕੇ ਨਾਲ ਕੋਈ ਚੰਗਾ ਨਤੀਜਾ ਨਹੀਂ ਆਏਗਾ।'' ਬਾਲੂ ਨੇ ਕਿਹਾ,''ਮੈਂ ਪਾਇਆ ਕਿ ਜਦੋਂ ਮੈਂ ਆਪਣਾ ਤਰੀਕਾ ਬਦਲਿਆ ਤਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਵਤੀਰੇ 'ਚ ਤਬਦੀਲੀ ਮਹਿਸੂਸ ਕੀਤੀ। ਮੈਂ ਬੱਚਿਆਂ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਨ੍ਹਾਂ ਨੂੰ ਸਲਾਹ ਵੀ ਦਿੱਤੀ।'' ਬਾਲੂ ਦੇ ਇਸ ਅਨੋਖੇ ਵਤੀਰੇ ਕਾਰਨ ਉਨ੍ਹਾਂ ਨੂੰ ਇਸ ਸਾਲ ਗਣਤੰਤਰ ਦਿਵਸ 'ਤੇ ਸਨਮਾਨਤ ਕੀਤਾ ਗਿਆ ਸੀ।


Related News