ਕੁਲਗਾਮ ’ਚ ਅਧਿਆਪਕਾ ਰਜਨੀ ਬਾਲਾ ਦੇ ਹੱਤਿਆਰੇ ਸਮੇਤ 4 ਅੱਤਵਾਦੀ ਢੇਰ
Friday, Jun 17, 2022 - 11:18 AM (IST)
ਪ੍ਰੈਸ਼ਰ ਕੂਕਰ ’ਚ ਲਾਈ 15 ਕਿਲੋ ਆਈ. ਈ. ਡੀ. ਬਰਾਮਦ, 2 ਅੱਤਵਾਦੀ ਗ੍ਰਿਫਤਾਰ
ਜੰਮੂ/ਸ਼੍ਰੀਨਗਰ, (ਉਦੈ/ਅਰੀਜ)– ਸੁਰੱਖਿਆ ਫੋਰਸਾਂ ਵਲੋਂ ਠੋਸ ਨਾਕੇਬੰਦੀ ਕਾਰਨ ਕੁਲਗਾਮ ਜ਼ਿਲੇ ਦੇ ਮਿਸ਼ੀਪੋਰਾ ਵਿਚ ਜਵਾਨਾਂ ਨੇ ਵੀਰਵਾਰ ਨੂੰ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਬੀਤੇ ਮੰਗਲਵਾਰ ਨੂੰ ਪੁਖਤਾ ਸੂਚਨਾ ਮਿਲੀ ਕਿ 2 ਅੱਤਵਾਦੀ ਮਿਸ਼ੀਪੋਰਾ ਵਿਚ ਲੁਕੇ ਹੋਏ ਹਨ। ਸੂਚਨਾ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀਆਂ ਨੇ ਥੋੜੀ ਦੇਰ ਲਈ ਗੋਲੀਬਾਰੀ ਬੰਦ ਕਰ ਦਿੱਤੀ ਅਤੇ 2 ਦਿਨ ਬਾਅਦ ਵੀਰਵਾਰ ਨੂੰ ਦੋਬਾਰਾ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਉਥੇ ਹੀ ਸੁਰੱਖਿਆ ਫੋਰਸਾਂ ਦੀ ਠੋਸ ਨਾਕੇਬੰਦੀ ਕਾਰਨ ਅੱਤਵਾਦੀਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਜਵਾਨਾਂ ਨੇ ਇਕ-ਇਕ ਕਰ ਕੇ ਦੋਵਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀਆਂ ਵਿਚੋਂ ਇਕ 31 ਮਈ ਨੂੰ ਗੋਪਾਲਪੋਰਾ ਵਿਚ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ਵਿਚ ਸ਼ਾਮਲ ਸੀ। ਅਜੇ ਅੱਤਵਾਦੀਆਂ ਦੀ ਪਛਾਣ ਨਹੀਂ ਹੋਈ ਹੈ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਛੇੜੀ ਹੋਈ ਹੈ।
ਉਥੇ ਹੀ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਕਰ ਕੇ ਸੜਕ ਕੰਢੇ ਲਾਈ 15 ਕਿਲੋ ਆਈ. ਈ. ਡੀ. ਨੂੰ ਬਰਾਮਦ ਕੀਤਾ। ਉਥੇ ਹੀ ਪੁਲਸ ਨੇ ਇਸ ਸੰਦਰਭ ਵਿਚ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸੁਰੱਖਿਆ ਫੋਰਸਾਂ ਦੇ ਜਵਾਨ ਜਦੋਂ ਪੁਲਵਾਮਾ ਜ਼ਿਲੇ ਦੇ ਅਰਮੁੱਲਾ ਲਿੱਟਰ ਪਿੰਡ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੜਕ ਕੰਢੇ ਪਈ ਵਸਤੂ ’ਤੇ ਸ਼ੱਕ ਹੋਇਆ। ਇਸ ’ਤੇ ਤੁਰੰਤ ਬੰਬ ਨਸ਼ਟ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਜਾਂਚ ਵਿਚ ਪਤਾ ਲੱਗਾ ਕਿ ਪ੍ਰੈਸ਼ਰ ਕੂਕਰ ਵਿਚ 15 ਕਿਲੋ ਆਈ. ਈ. ਡੀ. ਲਾਈ ਗਈ ਸੀ, ਜਿਸ ਨੂੰ ਬੰਬ ਨਸ਼ਟ ਕਰਨ ਵਾਲੇ ਦਸਤੇ ਨੇ ਮੌਕੇ ’ਤੇ ਪੁੱਜ ਕੇ ਨਕਾਰਾ ਕਰ ਦਿੱਤ। ਜੇਕਰ ਇਸ ਆਈ. ਈ. ਡੀ. ਵਿਚ ਧਮਾਕਾ ਹੁੰਦਾ ਤਾਂ ਬਹੁਤ ਵੱਡਾ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਸੀ।
ਪੁਲਸ ਨੇ ਇਸ ਸੰਦਰਭ ਵਿਚ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਅੱਤਵਾਦੀਆਂ ਨੇ ਇਸ ਆਈ. ਈ. ਡੀ. ਨੂੰ ਪਲਾਂਟ ਕੀਤਾ ਸੀ ਤਾਂ ਜੋ ਸੁਰੱਖਿਆ ਫੋਰਸਾਂ ਜਾਂ ਨਾਗਰਿਕ ਵਾਹਨਾਂ ਦੇ ਲੰਘਣ ’ਤੇ ਇਸ ਵਿਚ ਧਮਾਕਾ ਕਰ ਕੇ ਜਾਨ-ਮਾਲ ਦਾ ਨੁਕਸਾਨ ਕੀਤਾ ਜਾ ਸਕੇ।