ਗਹਿਣਿਆਂ ਦੇ ਝਗੜੇ ’ਚ ਔਰਤ ਸਮੇਤ 4 ’ਤੇ ਸੁੱਟਿਆ ਤੇਜ਼ਾਬ, ਸਾਰੇ ਝੁਲਸੇ

Thursday, Oct 23, 2025 - 10:50 PM (IST)

ਗਹਿਣਿਆਂ ਦੇ ਝਗੜੇ ’ਚ ਔਰਤ ਸਮੇਤ 4 ’ਤੇ ਸੁੱਟਿਆ ਤੇਜ਼ਾਬ, ਸਾਰੇ ਝੁਲਸੇ

ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਮਈਲ ਥਾਣਾ ਖੇਤਰ ’ਚ ਵੀਰਵਾਰ ਦੁਪਹਿਰ ਗਹਿਣਿਆਂ ਦੇ ਲੈਣ-ਦੇਣ ਦੇ ਝਗੜੇ ’ਚ ਇਕ ਸਰਾਫਾ ਦੁਕਾਨਦਾਰ ਨੇ ਔਰਤ ਸਮੇਤ 4 ਲੋਕਾਂ ’ਤੇ ਐਸਿਡ ਸੁੱਟ ਦਿੱਤਾ, ਜਿਸ ਨਾਲ ਸਾਰੇ ਝੁਲਸ ਗਏ। ਜ਼ਖ਼ਮੀ ਲੋਕਾਂ ਨੂੰ ਮਹਾਰਿਸ਼ੀ ਦੇਵਰਹਾ ਬਾਬਾ ਮੈਡੀਕਲ ਕਾਲਜ ’ਚ ਦਾਖਲ ਕਰਾਇਆ ਗਿਆ ਹੈ। ਔਰਤ ਅਤੇ ਉਸ ਦੇ ਭਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਸ ਅਨੁਸਾਰ, ਔਰਤ ਆਪਣੇ ਭਰਾ ਅਤੇ ਹੋਰ ਸਾਥੀਆਂ ਨਾਲ ਮਈਲ ਚੌਕ ’ਚ ਸਥਿਤ ਗਹਿਣਿਆਂ ਦੀ ਦੁਕਾਨ ’ਤੇ ਆਈ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਗਿਰਵੀ ਰੱਖੇ ਗਹਿਣਿਆਂ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਹੈ, ਜਦੋਂ ਕਿ ਦੁਕਾਨਦਾਰ ਨੇ ਰਾਸ਼ੀ ਵਾਪਸ ਕਰਨ ਜਾਂ ਗਹਿਣੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਝਗੜਾ ਵਧਣ ’ਤੇ ਦੁਕਾਨਦਾਰ ਨੇ ਔਰਤ ਅਤੇ ਉਸ ਦੇ ਭਰਾ ’ਤੇ ਐਸਿਡ ਸੁੱਟ ਦਿੱਤਾ। ਇਸ ਦੇ ਛਿੱਟੇ ਹੋਰ ਲੋਕਾਂ ’ਤੇ ਵੀ ਪਏ। ਘਟਨਾ ਤੋਂ ਬਾਅਦ ਹਫੜਾ-ਦਫ਼ੜੀ ਮਚ ਗਈ ਅਤੇ ਸਾਰੇ ਝੁਲਸੇ ਲੋਕਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਮੁਢਲੇ ਇਲਾਜ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਪੀੜਤਾਂ ਨੂੰ ਮੈਡੀਕਲ ਕਾਲਜ ਭੇਜਿਆ ਗਿਆ। ਮਈਲ ਥਾਣੇ ਦੇ ਮੁਖੀ ਇੰਸ. ਰਾਕੇਸ਼ ਸਿੰਘ ਨੇ ਦੱਸਿਆ ਕਿ ਝਗੜੇ ’ਚ ਦੁਕਾਨਦਾਰ ਨੇ ਜਲਨਸ਼ੀਲ ਪਦਾਰਥ ਸੁੱਟਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News