ਆਸਾਮ ’ਚ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ੀ ਨੇ ਹਿਰਾਸਤ ’ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਪੁਲਸ ਨੇ ਚਲਾਈ ਗੋਲੀ

Thursday, May 26, 2022 - 06:13 PM (IST)

ਆਸਾਮ ’ਚ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ੀ ਨੇ ਹਿਰਾਸਤ ’ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਪੁਲਸ ਨੇ ਚਲਾਈ ਗੋਲੀ

ਕੋਕਰਾਝਾਰ (ਭਾਸ਼ਾ)- ਆਸਾਮ ਦੇ ਕੋਕਰਾਝਾਰ ਜ਼ਿਲ੍ਹੇ 'ਚ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਵਿਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਸ ਨੇ ਪੁਲਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਦੋਸ਼ੀ ਜ਼ਖ਼ਮੀ ਹੋ ਗਿਆ। ਐਡੀਸ਼ਨਲ ਪੁਲਸ ਸੁਪਰਡੈਂਟ ਐੱਸ. ਐੱਸ. ਪਾਨੇਸਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ 2 ਹੋਰਨਾਂ ਲੋਕਾਂ ਨਾਲ ਮਿਲ ਕੇ ਸੋਮਵਾਰ ਰਾਤ ਨੂੰ ਕੁੜੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਸੀ ਅਤੇ ਪੁਲਸ ਉਸ ਨੂੰ ਉਸ ਜਗ੍ਹਾ ਲੈ ਕੇ ਜਾ ਰਹੀ ਸੀ, ਜਿਥੇ ਉਸ ਨੇ ਮੋਬਾਇਲ ਫੋਨ ਲੁਕਾ ਕੇ ਰੱਖਿਆ ਸੀ, ਜਿਸ ਨਾਲ ਉਸ ਨੇ ਜਬਰ-ਜ਼ਿਨਾਹ ਦੀ ਵੀਡੀਓ ਬਣਾਈ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਧੋਲਮਾਰਾ ਰਾਨੀਪੁਰ ਟੀ. ਗਾਰਡਨ ਨੇੜੇ ਪੁੱਜੇ ਤਾਂ ਦੋਸ਼ੀ ਉਸ ਜਗ੍ਹਾ ਨੂੰ ਦਿਖਾਉਂਦਾ ਹੋਇਆ ਅਚਾਨਕ ਮੁੜਿਆ ਅਤੇ ਇਕ ਪੁਲਸ ਅਧਿਕਾਰੀ ਦੀ ਸਰਵਿਸ ਪਿਸਤੌਲ ਖੋਹ ਲਈ ਅਤੇ ਪੁਲਸ ਟੀਮ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਕ ਹੋਰ ਪੁਲਸ ਅਧਿਕਾਰੀ ਨੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਦੋਸ਼ੀ ’ਤੇ ਫੌਰੀ ਗੋਲੀ ਚਲਾਈ, ਜੋ ਉਸ ਦੇ ਖੱਬੇ ਪੈਰ ਵਿਚ ਲੱਗੀ। ਦੋਸ਼ੀ ਨੂੰ ਇਲਾਜ ਲਈ ਕੋਕਰਾਝਾਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕੋਕਰਾਝਾਰ ਪੁਲਸ ਥਾਣੇ ਵਿਚ 16 ਸਾਲਾ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ 3 ਨੌਜਵਾਨਾਂ ਨੇ ਧੋਲਮਾਰਾ ਪਿੰਡ ਵਿਚ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਬੇਟੀ ਨਾਲ ਉਦੋਂ ਜਬਰ ਜ਼ਿਨਾਹ ਕੀਤਾ ਜਦੋਂ ਉਹ ਕਰਿਆਨੇ ਦੀ ਦੁਕਾਨ ਤੋਂ ਪਰਤ ਰਹੀ ਸੀ। ਪੁਲਸ ਨੇ ਸ਼ੁਰੂਆਤ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਅਗਲੇ ਦਿਨ ਤੀਜੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਆਈ. ਪੀ. ਸੀ. ਅਤੇ ਬਾਲ ਸੈਕਸ ਅਪਰਾਧ ਸੁਰੱਖਿਆ (ਪੋਕਸੋ) ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।


author

DIsha

Content Editor

Related News