ਬਿਹਾਰ ’ਚ ਭਿਆਨਕ ਹਾਦਸਾ; ਬੇਕਾਬੂ ਕਾਰ ਨੇ ਡੇਢ ਦਰਜਨ ਲੋਕਾਂ ਨੂੰ ਕੁਚਲਿਆ, 1 ਦੀ ਮੌਤ

Sunday, Nov 27, 2022 - 10:17 AM (IST)

ਬਿਹਾਰ ’ਚ ਭਿਆਨਕ ਹਾਦਸਾ; ਬੇਕਾਬੂ ਕਾਰ ਨੇ ਡੇਢ ਦਰਜਨ ਲੋਕਾਂ ਨੂੰ ਕੁਚਲਿਆ, 1 ਦੀ ਮੌਤ

ਸਾਰਣ- ਬਿਹਾਰ ਤੋਂ ਇਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸਾਰਣ ਜ਼ਿਲ੍ਹੇ ਵਿਚ ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਕੁਚਲ ਦਿੱਤਾ। ਘਟਨਾ ’ਚ ਇਕ ਸ਼ਖ਼ਸ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ 18 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਫੜਾ-ਦਫੜੀ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਸੜਕ ਕਿਨਾਰੇ ਲੋਕ ਸ਼ਰਾਧ ਪ੍ਰੋਗਰਾਮ ਦਾ ਭੋਜ ਖਾ ਰਹੇ ਸਨ।

ਘਟਨਾ ਸਾਰਣ ਜ਼ਿਲ੍ਹੇ ਦੇ ਮਸ਼ਰਕ ਦੇ ਲਖਨਪੁਰ ਗੋਲੰਬਰ ਦੇ ਨੇੜੇ ਕਰਨ ਕੁਦਰੀਆ ਗੋਪੀ ਟੋਲਾ ਨੇੜੇ ਵਾਪਰੀ। ਲੋਕ ਸੜਕ ਕਿਨਾਰੇ ਬੈਠ ਕੇ ਭੋਜ ਖਾ ਰਹੇ ਸਨ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਕੁਚਲਦੇ ਹੋਏ ਇਕ ਦੁਕਾਨ ਨੂੰ ਤੋੜਦੀ ਹੋਈ ਬਸਤੀ ’ਚ ਦਾਖ਼ਲ ਹੋ ਗਈ। ਹਾਦਸੇ ਮਗਰੋਂ ਘਟਨਾ ਵਾਲੀ ਥਾਂ ’ਤੇ ਲੋਕਾਂ ਦੀ ਚੀਕ-ਪੁਰਾਕ ਮਚ ਗਈ। ਕੁਝ ਦੇਰ ਤੱਕ ਉੱਥੇ ਹਫ਼ੜਾ-ਦਫੜੀ ਦਾ ਮਾਹੌਲ ਰਿਹਾ। ਹਾਦਸੇ ’ਚ ਮਾਰੇ ਗਏ ਸ਼ਖ਼ਸ ਦੀ ਪਛਾਣ ਸਿਵਾਨ ਦਾ ਬਾਜਿਤਪੁਰ ਵਾਸੀ ਸੁਦਰਸ਼ਨ ਪ੍ਰਸਾਦ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਸ਼ਰਾਧ ਪ੍ਰੋਗਰਾਮ ’ਚ ਆਇਆ ਸੀ। ਉੱਥੇ ਹੀ ਘਟਨਾ ਮਗਰੋਂ ਗੁੱਸੇ ’ਚ ਆਏ ਲੋਕਾਂ ਨੇ ਮੁੱਖ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ।

ਓਧਰ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਇਸ ਦੌਰਾਨ ਪੁਲਸ ਨੂੰ ਪਿੰਡ ਵਾਸੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਮੁਤਾਬਕ ਕਾਰ ਡਰਾਈਵਰ ਹੋਰ ਨਸ਼ੇ ’ਚ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਕਾਰ ਡਰਾਈਵਰ ਤੋਂ ਘਟਨਾ ਬਾਰੇ ਪੁੱਛ-ਗਿੱਛ ਜਾਰੀ ਹੈ।


author

Tanu

Content Editor

Related News