ਦਿੱਲੀ ’ਚ ਵਾਪਰਿਆ ਦਰਦਨਾਕ ਹਾਦਸਾ, ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ
Thursday, Oct 13, 2022 - 11:38 PM (IST)
ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ਦੇ ਪੁਲ ਪ੍ਰਹਿਲਾਦਪੁਰ ਥਾਣਾ ਖੇਤਰ ਦੇ ਇਕ ਪਾਰਕ ’ਚ ਬਣੇ ਡੂੰਘੇ ਟੋਏ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਖਾਨਪੁਰ ਜੇ.ਜੇ. ਕਾਲੋਨੀ ਦੇ ਕੁਝ ਬੱਚੇ ਅੱਜ ਦੁਪਹਿਰ ਟੋਏ ’ਚ ਭਰੇ ਮੀਂਹ ਦੇ ਪਾਣੀ ’ਚ ਨਹਾਉਣ ਗਏ ਸਨ। ਪੁਲਸ ਨੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਜ਼ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਪੁਲਸ ਮੁਤਾਬਕ ਅੱਜ ਦੁਪਹਿਰ ਉਸ ਨੂੰ ਸੂਚਨਾ ਮਿਲੀ ਸੀ ਕਿ ਪੁਲ ਪ੍ਰਹਿਲਾਦਪੁਰ ਥਾਣਾ ਖੇਤਰ ਦੇ ਤੁਗਲਕਾਬਾਦ ਸਥਿਤ ਕਾਯਾ ਮਾਇਆ ਪਾਰਕ ’ਚ ਨਹਾਉਂਦੇ ਸਮੇਂ ਕੁਝ ਬੱਚੇ ਡੁੱਬ ਗਏ ਹਨ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ। ਕਾਫੀ ਮੁਸ਼ੱਕਤ ਤੋਂ ਬਾਅਦ 3 ਬੱਚਿਆਂ ਨੂੰ ਟੋਏ ’ਚੋਂ ਬਾਹਰ ਕੱਢ ਕੇ ਨੇੜਲੇ ਮਜੀਦੀਆ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : PCA ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਨੇ ਦਿੱਤਾ ਅਸਤੀਫ਼ਾ
ਮ੍ਰਿਤਕ ਬੱਚਿਆਂ ਦੀ ਪਛਾਣ ਰਿਸ਼ਭ (13), ਪੀਯੂਸ਼ (16) ਅਤੇ ਪੀਯੂਸ਼ (13) ਵਜੋਂ ਹੋਈ ਹੈ। ਤਿੰਨੋਂ ਬੱਚੇ ਖਾਨਪੁਰ ਜੇ. ਜੇ. ਕਾਲੋਨੀ ਦੇ ਵਸਨੀਕ ਹਨ। ਪੁਲਸ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਅੱਧੀ ਦਰਜਨ ਬੱਚੇ ਟੋਏ ’ਚ ਭਰੇ ਮੀਂਹ ਦੇ ਪਾਣੀ ’ਚ ਨਹਾਉਣ ਆਏ ਸਨ। ਇਹ ਹਾਦਸਾ ਨਹਾਉਂਦੇ ਸਮੇਂ ਵਾਪਰਿਆ।