ਦੰਗਾ ਪ੍ਰਭਾਵਿਤ ਬੰਗਲਾਦੇਸ਼ ਤੋਂ ਕਰੀਬ 1000 ਭਾਰਤੀ ਵਿਦਿਆਰਥੀ ਪਰਤੇ ਦੇਸ਼
Saturday, Jul 20, 2024 - 03:57 PM (IST)
ਢਾਕਾ/ਨਵੀਂ ਦਿੱਲੀ- ਬੰਗਲਾਦੇਸ਼ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਸਥਿਤੀ ਭਿਆਨਕ ਬਣੀ ਹੋਈ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਰੀਬ 1000 ਭਾਰਤੀ ਵਿਦਿਆਰਥੀ ਉੱਥੋਂ ਭਾਰਤ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਹੈ। ਨਾਗਰਿਕ ਹਵਾਬਾਜ਼ੀ, ਇਮੀਗ੍ਰੇਸ਼ਨ, ਲੈਂਡ ਪੋਰਟ ਅਤੇ BSF ਅਧਿਕਾਰੀਆਂ ਨਾਲ ਤਾਲਮੇਲ ਕੀਤਾ। 778 ਭਾਰਤੀ ਵਿਦਿਆਰਥੀ ਵੱਖ-ਵੱਖ ਲੈਂਡ ਪੋਰਟ ਤੋਂ ਭਾਰਤ ਪਰਤ ਆਏ ਹਨ। ਜਦੋਂ ਕਿ ਲਗਭਗ 200 ਵਿਦਿਆਰਥੀ ਢਾਕਾ ਅਤੇ ਚਟਗਾਂਵ ਹਵਾਈ ਅੱਡਿਆਂ ਤੋਂ ਨਿਯਮਤ ਉਡਾਣ ਸੇਵਾਵਾਂ ਰਾਹੀਂ ਘਰ ਪਰਤੇ।
ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਦੇਸ਼-ਵਿਆਪੀ ਕਰਫਿਊ, ਫ਼ੌਜ ਤਾਇਨਾਤ, ਪ੍ਰਦਰਸ਼ਨਾਂ 'ਚ 100 ਤੋਂ ਵੱਧ ਲੋਕਾਂ ਦੀ ਮੌਤ
ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਂਵ, ਰਾਜਸ਼ਾਹੀ, ਸਿਲਹਟ ਅਤੇ ਖੁਲਨਾ ਵਿਚ ਸਹਾਇਕ ਹਾਈ ਕਮਿਸ਼ਨ ਬੰਗਲਾਦੇਸ਼ 'ਚ ਹਾਲ ਹੀ ਦੇ ਘਟਨਾਵਾਂ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਾਈ ਕਮਿਸ਼ਨ ਅਤੇ ਸਹਾਇਕ ਹਾਈ ਕਮਿਸ਼ਨ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਅਤ ਯਾਤਰਾ ਲਈ ਉਪਾਅ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਢਾਕਾ 'ਚ ਭਾਰਤੀ ਹਾਈ ਕਮਿਸ਼ਨ ਅਤੇ ਸਾਡੇ ਸਹਿਯੋਗੀ ਹਾਈ ਕਮਿਸ਼ਨ ਬੰਗਲਾਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਰਹਿ ਰਹੇ 4000 ਤੋਂ ਵੱਧ ਵਿਦਿਆਰਥੀਆਂ ਨਾਲ ਨਿਯਮਤ ਸੰਪਰਕ 'ਚ ਹਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਨੇਪਾਲ ਅਤੇ ਭੂਟਾਨ ਦੇ ਵਿਦਿਆਰਥੀਆਂ ਨੂੰ ਵੀ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਈ ਕਮਿਸ਼ਨ ਅਤੇ ਸਹਾਇਕ ਹਾਈ ਕਮਿਸ਼ਨ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਗਲਾਦੇਸ਼ ਦੇ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਵਿਚ ਹਨ।
ਇਹ ਵੀ ਪੜ੍ਹੋ- ਬੰਗਲਾਦੇਸ਼ ਹਿੰਸਾ; ਹੁਣ ਤੱਕ 39 ਮੌਤਾਂ, 2500 ਜ਼ਖਮੀ, ਸੜਕਾਂ 'ਤੇ ਫੌਜ
ਇਸ ਤੋਂ ਇਲਾਵਾ ਢਾਕਾ ਵਿਚ ਹਾਈ ਕਮਿਸ਼ਨ ਬੰਗਲਾਦੇਸ਼ ਦੇ ਨਾਗਰਿਕ ਹਵਾਬਾਜ਼ੀ ਅਥਾਰਟੀਆਂ ਅਤੇ ਏਅਰਲਾਈਨਾਂ ਨਾਲ ਵੀ ਤਾਲਮੇਲ ਕਰ ਰਿਹਾ ਹੈ ਤਾਂ ਜੋ ਢਾਕਾ ਅਤੇ ਚਟਗਾਂਵ ਤੋਂ ਉਡਾਣ ਸੇਵਾਵਾਂ ਸੁਚਾਰੂ ਰਹਿਣ ਅਤੇ ਭਾਰਤੀ ਨਾਗਰਿਕ ਘਰ ਵਾਪਸ ਆ ਸਕਣ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਢਾਕਾ 'ਚ ਭਾਰਤੀ ਹਾਈ ਕਮਿਸ਼ਨ ਅਤੇ ਬੰਗਲਾਦੇਸ਼ ਵਿਚ ਸਹਾਇਕ ਹਾਈ ਕਮਿਸ਼ਨ ਐਮਰਜੈਂਸੀ ਸੰਪਰਕ ਨੰਬਰਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਪਲਬਧ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8