ਆਸਟਰੇਲੀਆ: ਤੂਫਾਨ ਕਾਰਨ ਲਾਪਤਾ ਹੋਏ ਭਾਰਤੀ ਨੇਵੀ ਅਧਿਕਾਰੀ ਦਾ ਮਿਲਿਆ ਸੰਦੇਸ਼
Sunday, Sep 23, 2018 - 03:25 PM (IST)

ਨਵੀਂ ਦਿੱਲੀ/ਸਿਡਨੀ— ਗੋਲਡਨ ਗਲੋਬ ਰੇਸ 2018 'ਚ ਸ਼ਾਮਲ ਹੋਣ ਵਾਲੇ ਲਾਪਤਾ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਲੱਭਣ ਲਈ ਚੱਲੀ ਮੁਹਿੰਮ ਸਫਲ ਹੁੰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਝ ਸਾਥੀਆਂ ਦਾ ਸੰਪਰਕ ਅਭਿਲਾਸ਼ ਨਾਲ ਹੋ ਗਿਆ ਹੈ। ਉਸ ਨੇ ਆਪਣੇ ਕੁੱਝ ਸਾਥੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਇੰਨਾ ਜ਼ਿਆਦਾ ਜ਼ਖਮੀ ਹੈ ਕਿ ਤੁਰ ਕੇ ਨਹੀਂ ਜਾ ਸਕੇਗਾ । ਉਸ ਨੇ ਸਾਥੀਆਂ ਨੂੰ ਕਿਹਾ ਕਿ ਉਸ ਦੀ ਪਿੱਠ 'ਤੇ ਸੱਟ ਲੱਗ ਗਈ ਹੈ ਅਤੇ ਉਹ ਆਪਣੇ ਨਾਲ ਸਟ੍ਰੈਚਰ ਲੈ ਕੇ ਆਉਣ। ਦੱਖਣੀ ਹਿੰਦ ਮਹਾਸਾਗਰ ਦੇ ਨੇੜਲੇ ਰਸਤੇ 'ਚ ਤੂਫਾਨ ਆਉਣ ਕਾਰਨ ਅਭਿਲਾਸ਼ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਤਾਜ਼ਾ ਬਿਆਨ 'ਚ ਦੱਸਿਆ ਕਿ ਉਹ ਕੁੱਝ ਘੰਟਿਆਂ ਤਕ ਅਭਿਲਾਸ਼ ਨੂੰ ਲੱਭ ਕੇ ਲੈ ਆਉਣਗੇ।
ਤੇਜ਼ ਹਵਾਵਾਂ ਅਤੇ 14 ਕਿਲੋ ਮੀਟਰ ਉੱਚੀਆਂ ਲਹਿਰਾਂ ਨੇ ਅਭਿਲਾਸ਼ ਟੋਮੀ ਦੇ ਯਾਚ ਨੂੰ ਉਲਟਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਅਭਿਲਾਸ਼ ਇਕੱਲਾ ਭਾਰਤੀ ਹੈ ਜੋ ਗੋਲਡਨ ਗਲੋਬ ਰੇਸ 'ਚ ਹਿੱਸਾ ਲੈ ਰਿਹਾ ਹੈ। ਅਭਿਲਾਸ਼ ਭਾਰਤੀ ਨੇਵੀ ਦਾ ਫਲਾਇੰਗ ਅਧਿਕਾਰੀ ਹੈ। ਗੋਲਡਨ ਗਲੋਬ ਰੇਸ ਕਿਸ਼ਤੀ ਚਲਾਉਣ ਵਾਲੀ ਰੇਸ ਹੈ ਅਤੇ ਇਹ ਫਰਾਂਸ ਤੋਂ ਇਕ ਜੁਲਾਈ ਨੂੰ ਸ਼ੁਰੂ ਹੋਈ ਸੀ। ਇਸ 'ਚ ਹੀ ਹੋਰਾਂ ਦੇ ਨਾਲ ਅਭਿਲਾਸ਼ ਵੀ ਹਿੱਸਾ ਲੈ ਰਿਹਾ ਸੀ। ਉਸ ਦੇ ਦੱਖਣੀ ਹਿੰਦ ਮਹਾਸਾਗਰ 'ਚ ਲਾਪਤਾ ਹੋਣ ਦੀ ਖਬਰ ਸ਼ੁੱਕਰਵਾਰ ਨੂੰ ਦਿੱਤੀ ਗਈ ਸੀ। ਇਹ ਸਥਾਨ ਆਸਟਰੇਲੀਆ ਦੇ ਪਰਥ ਤੋਂ ਲਗਭਗ 1900 ਸਮੁੰਦਰੀ ਮੀਲ ਦੀ ਦੂਰੀ 'ਤੇ ਹੈ।