ਵੱਡੀ ਖ਼ਬਰ : ਆਮ ਆਦਮੀ ਪਾਰਟੀ ਜਿੱਤੀ ਚੋਣ, ਡਾ. ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ
Wednesday, Feb 22, 2023 - 02:21 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਮੇਅਰ ਬਣਨ ਲਈ 'ਆਪ' ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਅੰਤਰ ਨਾਲ ਹਰਾਇਆ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦੋਂ ਕਿ ਗੁਪਤਾ ਨੂੰ ਕੁੱਲ 266 ਵੋਟਾਂ 'ਚੋਂ 116 ਵੋਟ ਮਿਲੇ। ਵੋਟਿੰਗ ਸਿਵਿਕ ਸੈਂਟਰ 'ਚ ਹੋਈ। ਦਿੱਲੀ ਨੂੰ ਚੌਥੀ ਕੋਸ਼ਿਸ਼ 'ਚ ਮੇਅਰ ਮਿਲਿਆ, ਕਿਉਂਕਿ ਨਾਮਜ਼ਦ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਦਿੱਤੇ ਜਾਣ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਪਹਿਲੀ ਦੀ ਚੋਣ ਠੱਪ ਹੋ ਗਈ ਸੀ। ਪਿਛਲੇ ਹਫ਼ਤੇ, ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮੇਅਰ ਚੋਣ ਕਰਵਾਉਣ ਲਈ ਨਗਰਪਾਲਿਕਾ ਸਦਨ ਬੁਲਾਉਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਸੀ।
ਸੁਪਰੀਮ ਕੋਰਟ ਨੇ 17 ਫਰਵਰੀ ਨੂੰ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਤਾਰੀਖ਼ ਤੈਅ ਕਰਨ ਲਈ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਪਹਿਲੀ ਬੈਠਕ ਬੁਲਾਉਣ ਲਈ 24 ਘੰਟਿਆਂ ਅੰਦਰ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ। ਸੱਤਾਧਾਰੀ ਆਮ ਆਦਮੀ ਪਾਰਟੀ (ਆਪਆ) ਦੇ ਮੇਅਰ ਅਹੁਦੇ ਦੇ ਉਮੀਦਵਾਰ ਓਮਬਰਾਏ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਹ ਆਦੇਸ਼ ਜਾਰੀ ਕੀਤਾ। 'ਆਪ' ਦੇ ਪੱਖ 'ਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉੱਪ ਰਾਜਪਾਲ ਵਲੋਂ ਐੱਮ.ਸੀ.ਡੀ. 'ਚ ਨਾਮਜ਼ਦ ਮੈਂਬਰ ਮੇਅਰ ਦੀ ਚੋਣ ਕਰਨ ਲਈ ਵੋਟਿੰਗ ਨਹੀਂ ਕਰ ਸਕਦੇ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਿੱਤ 'ਤੇ ਓਬਰਾਏ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਗੁੰਡੇ ਹਾਰ ਗਏ, ਜਨਤਾ ਜਿੱਤ ਗਈ। 'ਆਪ' ਦੇ ਉਮੀਦਵਾਰ ਵਜੋਂ ਦਿੱਲੀ ਦੇ ਨਗਰ ਨਿਗਮ 'ਚ ਮੇਅਰ ਬਣਨ ਲਈ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ। ਇਕ ਵਾਰ ਮੁੜ ਦਿੱਲੀ ਦੀ ਜਨਤਾ ਦਾ ਦਿਲੋਂ ਧੰਨਵਾਦ। 'ਆਪ' ਦੇ ਪਹਿਲੇ ਮੇਅਰ @OberoiShelly ਨੂੰ ਬਹੁਤ-ਬਹੁਤ ਵਧਾਈ।''