ਸਿਰਸਾ ''ਚ ''ਆਪ'' ਨੇ ਫੂਕਿਆ PM ਮੋਦੀ, ਅਡਾਨੀ ਦਾ ਪੁਤਲਾ

02/08/2023 6:11:33 PM

ਸਿਰਸਾ- ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਸਿਰਸਾ ਇਕਾਈ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਅਡਾਨੀ ਦੇ ਪੁਤਲੇ ਫੂਕ ਕੇ ਗੁੱਸਾ ਜ਼ਾਹਰ ਕੀਤਾ। ‘ਆਪ’ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੀ ਦੋਸਤੀ ਨੂੰ ਕੋਸਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਾਰਟੀ ਦੇ ਆਗੂ ਟਾਊਨ ਪਾਰਕ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਸੁਭਾਸ਼ ਚੌਕ ਪੁੱਜੇ ਅਤੇ ਨਾਅਰੇਬਾਜ਼ੀ ਕਰਨ ਉਪਰੰਤ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਪੁਤਲੇ ਫੂਕੇ।

ਪ੍ਰਦਰਸ਼ਨ ਦੀ ਅਗਵਾਈ ਕੌਮੀ ਕੌਂਸਲ ਮੈਂਬਰ ਵਰਿੰਦਰ ਕੁਮਾਰ, ਹੈਪੀ ਰਾਨੀਆਂ, ਸੀਨੀਅਰ ਆਗੂ ਧਰਮਪਾਲ ਲਾਟ, ਕੁਲਦੀਪ ਗਦਰਾਣਾ, ਸ਼ਿਆਮ ਮਹਿਤਾ, ਕੁਲਦੀਪ ਨੇ ਕੀਤੀ। 'ਆਪ' ਆਗੂਆਂ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਜਪਾ ਪਾਰਟੀ ਰਾਸ਼ਟਰਵਾਦ ਦੇ ਨਾਂ 'ਤੇ ਅਡਾਨੀ ਦੇ ਘੁਟਾਲੇ ਨੂੰ ਦਬਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਦੀ ਲੀਡਰਸ਼ਿਪ ਤੋਂ ਲੈ ਕੇ ਪੂਰੀ ਸਰਕਾਰ ਅਡਾਨੀ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਅਡਾਨੀ ਦੀਆਂ ਕੰਪਨੀਆਂ ਨੂੰ 7000 ਕਰੋੜ ਰੁਪਏ PNB ਬੈਂਕ, ਸਾਢੇ 36 ਹਜ਼ਾਰ ਕਰੋੜ ਰੁਪਏ LIC ਦਾ 21 ਹਜ਼ਾਰ ਕਰੋੜ ਰੁਪਏ SBI ਦਾ ਅਡਾਨੀ ਦੀਆਂ ਕੰਪਨੀਆਂ 'ਚ ਲੱਗਾ ਹੋਇਆ ਸੀ। 

ਅਡਾਨੀ ਦੀਆਂ ਕੰਪਨੀਆਂ ਲੋਕਾਂ ਦੀ ਮਿਹਨਤ ਦੀ ਕਮਾਈ ਲੈ ਕੇ ਡੁੱਬ ਗਈਆਂ। ਹਿੰਡਨਬਰਗ ਦੇ ਖੁਲਾਸੇ ਤੋਂ ਬਾਅਦ ਹਰਿਆਣਾ ਦੇ ਖੇਤੀ ਮੰਤਰੀ ਤੋਂ ਲੈ ਕੇ ਕੇਂਦਰ ਸਰਕਾਰ ਦੇ ਮੰਤਰੀ ਤੱਕ ਅਡਾਨੀ ਦਾ ਬਚਾਅ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਕ ਪਾਸੇ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਈਡੀ-ਸੀ. ਬੀ. ਆਈ., ਇਨਕਮ ਟੈਕਸ ਅਤੇ ਸੇਬੀ ਵਰਗੀਆਂ ਕੰਪਨੀਆਂ ਦੀ ਨੱਕ ਹੇਠ ਹੋਇਆ ਹੈ।


Tanu

Content Editor

Related News