ਸ਼ਿਮਲਾ ''ਚ ਗੜਿਆਂ ਦੀ ਵਿਛੀ ਚਿੱਟੀ ਚਾਦਰ, ਦਿਨ ''ਚ ਹੀ ਛਾ ਗਿਆ ਹਨ੍ਹੇਰਾ
Monday, May 01, 2023 - 10:11 AM (IST)
ਸ਼ਿਮਲਾ (ਸੰਤੋਸ਼)- ਯੈਲੋ ਅਲਰਟ ਦਰਮਿਆਨ ਐਤਵਾਰ ਨੂੰ ਰਾਜਧਾਨੀ ’ਚ ਗੜੇ ਪੈਣ ਨਾਲ ਚਿੱਟੀ ਚਾਦਰ ਵਿਛ ਗਈ, ਜਦੋਂ ਕਿ ਸੂਬੇ ਦੀਆਂ ਪਹਾੜੀਆਂ ’ਤੇ ਇੰਦਰਦੇਵ ਖੂਬ ਵਰ੍ਹੇ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਸੋਮਵਾਰ ਤੋਂ 2 ਦਿਨਾਂ ਤੱਕ ਓਰੇਂਜ ਅਲਰਟ ਰਹੇਗਾ, ਜਿਸ ’ਚ 1 ਅਤੇ 2 ਮਈ ਨੂੰ ਭਾਰੀ ਮੀਂਹ, ਗੜੇਮਾਰੀ ਅਤੇ ਹਨੇਰੀ ਚੱਲਣ ਦੀਆਂ ਸੰਭਾਵਨਾਵਾਂ ਹਨ। ਮੌਮਸ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਅਤੇ ਮੈਦਾਨੀ, ਹੇਠਲੀਆਂ ਅਤੇ ਦਰਮਿਆਨੀਆਂ ਪਹਾੜੀਆਂ ’ਤੇ ਮੀਂਹ, ਬੱਦਲ ਗੱਜਣ, ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਦੀ ਸੰਭਾਵਨਾ ਕਾਰਨ ਸਬੰਧਤ ਵਿਭਾਗਾਂ ਵੱਲੋਂ ਜਾਰੀ ਐਡਵਾਈਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਊਨਾ ’ਚ ਵੱਧ ਤੋਂ ਵੱਧ ਤਾਪਮਾਨ 34.6, ਜਦੋਂ ਕਿ ਕੇਲਾਂਗ ’ਚ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ’ਚ ਸੂਬੇ ’ਚ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਦਰਜੇ ਦਾ ਮੀਂਹ ਪਿਆ, ਜਿਸ ’ਚ ਬਜੌਰਾ ’ਚ 31, ਸਵਾਰਘਾਟ ’ਚ 26, ਕੁਫਰੀ ’ਚ 11, ਨੈਣਾ ਦੇਵੀ ’ਚ 8, ਨਾਰਕੰਡਾ ਅਤੇ ਭੁੰਤਰ ’ਚ 7 ਅਤੇ ਭਰਾੜੀ ’ਚ 5 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਸ਼ਿਮਲਾ ਜ਼ਿਲ੍ਹੇ ’ਚ ਇਕ-ਦੋ ਥਾਵਾਂ ’ਤੇ ਗੜੇ ਪਏ ਹਨ। ਰਾਜਧਾਨੀ ’ਚ ਐਤਵਾਰ ਨੂੰ ਦਿਨ ’ਚ ਹੀ ਹਨੇਰਾ ਛਾ ਗਿਆ। ਸੜਕਾਂ ’ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ। ਲੋਕ ਠੰਡ ਨਾਲ ਕੰਬਦੇ ਨਜ਼ਰ ਆਏ ਅਤੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਕਿਹਾ ਕਿ 1 ਮਈ ਦੀ ਰਾਤ ਤੋਂ ਇਕ ਨਵਾਂ ਪੱਛਮੀ ਦਬਾਅ ਸਰਗਰਮ ਹੋਵੇਗਾ, ਜਿਸ ਨਾਲ 1 ਅਤੇ 2 ਮਈ ਨੂੰ ਓਰੇਂਜ, ਜਦੋਂ ਕਿ 3 ਅਤੇ 4 ਮਈ ਨੂੰ ਯੈਲੋ ਅਲਰਟ ਰਹੇਗਾ। ਇਸ ਦੌਰਾਨ ਗੜੇਮਾਰੀ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ, ਜਦੋਂ ਕਿ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ।