ਤਾਲਾਬੰਦੀ ’ਚ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਮਿਲੀ ਅਨੋਖੀ ਸਜ਼ਾ, ਪੁਲਸ ਨੇ ਥਾਣੇ ’ਚ ਬਿਠਾ ਕੇ ਵਿਖਾਈ ਫਿਲਮ

Tuesday, Apr 06, 2021 - 02:12 PM (IST)

ਤਾਲਾਬੰਦੀ ’ਚ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਮਿਲੀ ਅਨੋਖੀ ਸਜ਼ਾ, ਪੁਲਸ ਨੇ ਥਾਣੇ ’ਚ ਬਿਠਾ ਕੇ ਵਿਖਾਈ ਫਿਲਮ

ਨੈਸ਼ਨਲ ਡੈਸਕ– ਕੋਰੋਨਾ ਦੇ ਵਧਦੇ ਕਹਿਰ ਨੂੰ ਰੋਕਣ ਦੇ ਉਦੇਸ਼ ਨਾਲ ਮੱਧ-ਪ੍ਰਦੇਸ਼ ਦੇ ਬੈਤੂਲ ’ਚ ਲਗਾਈ ਗਈ ਤਾਲਾਬੰਦੀ ਦੌਰਾਨ ਬਿਨਾਂ ਕਿਸੇ ਕਾਰਨ ਤੋਂ ਘੁੰਮਣ ਵਾਲੇ ਲੋਕਾਂ ਨੂੰ ਜਾਗਰੁਕ ਕਰਨ ਲਈ ਪੁਲਸ ਨੇ ਥਾਣੇ ’ਚ ਬਿਠਾਇਆ ਅਤੇ ਉਨ੍ਹਾਂ ਨੂੰ ਕੋਰੋਨਾ ਜਾਗਰੁਕਤਾ ਲਈ ਬਣੀ ਐਨੀਮੇਸ਼ਨ ਫਿਲ ਵਿਖਾਈ। ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗੇ ਬੈਤੂਲ ਜ਼ਿਲ੍ਹੇ ’ਚ ਦੋ ਅਪ੍ਰੈਲ ਤੋਂ ਤਾਲਾਬੰਦੀ ਲਾਗੂ ਕੀਤੀ ਗਈ ਸੀ ਜੋ ਸੋਮਵਾਰ ਸਵੇਰੇ 6 ਵਜੇ ਤਕ ਜਾਰੀ ਰਹੀ। 

ਸ਼ਹਿਰ ਦੇ ਗੰਜ ਥਾਣੇ ਦੇ ਇੰਚਾਰਜ ਪਰਵੀਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਬਿਨਾਂ ਕਿਸੇ ਕਾਰਨ ਘੁੰਮ ਰਹੇ ਲੋਕਾਂ ਨੂੰ ਰੋਕ ਕੇ ਥਾਣਾ ਕੰਪਲੈਕਸ ’ਚ ਰੱਖੀਆਂ ਕੁਰਸੀਆਂ ’ਤੇ ਬਿਠਾਇਆ ਅਤੇ ਇਥੇ ਲੱਗੇ ਪ੍ਰਾਜੈਕਟਰ ’ਤੇ ਉਨ੍ਹਾਂ ਨੂੰ ਕੋਰੋਨਾ ਜਾਗਰੁਕਤਾ ’ਤੇ ਬਣੀ ਐਨੀਮੇਸ਼ਨ ਫਿਲਮ ਵਿਖਾਈ। ਉਨ੍ਹਾਂ ਦੱਸਿਆ ਕਿ ਕੁਝ ਘੰਟਿਆਂ ਲਈ ਦਿੱਤੀ ਗਈ ਇਸ ਸਜ਼ਾ ’ਚ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਉਪਾਅ ਦੱਸੇ ਗਏ ਅਤੇ ਇਹ ਵੀ ਦੱਸਿਆ ਗਿਆ ਕਿ ਕੋਰੋਨਾ ਕਿੰਨਾ ਖਤਰਨਾਕ ਹੈ। ਕੁਮਾਰ ਨੇ ਦੱਸਿਆ ਕਿ ਇਸ ਦਾ ਅਸਰ ਇਹ ਹੋਇਆ ਕਿ ਲੋਕ ਇਕ ਸਬਕ ਲੈ ਕੇ ਇਥੋਂ ਗਏ ਅਤੇ ਇਥੇ ਲਿਆਏ ਗਏ ਲੋਕਾਂ ਨੇ ਤਾਲਾਬੰਦੀ ਦੌਰਾਨ ਬਿਨਾਂ ਵਜ੍ਹਾ ਘਰੋਂ ਨਾ ਨਿਕਲਣ ਦਾ ਪ੍ਰਣ ਲਿਆ। 

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਰਅਸਲ ਬੈਤੂਲ ਮਹਾਰਾਸ਼ਟਰ ਦੀ ਸਰਹੱਦ ਨਾਲ ਹੀ ਲੱਗਾ ਹੋਇਆ ਹੈ। ਇਹੀ ਕਾਰਨ ਹੈ ਕਿ ਇਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 63 ਮਾਮਲੇ ਸਾਹਮਣੇ ਆਏ ਹਨ ਅਤੇ ਜ਼ਿਲ੍ਹੇ ’ਚ ਪੀੜਤਾਂ ਦੀ ਗਿਣਤੀ 4,965 ’ਤੇ ਪਹੁੰਚ ਗਈ ਹੈ। ਕੋਰੋਨਾ ਨਾਲ ਹੁਣ ਤਕ ਬੈਤੂਲ ਜ਼ਿਲ੍ਹੇ ’ਚ 83 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਮਾਮਲੇ ’ਚ ਮੱਧ-ਪ੍ਰਦੇਸ਼ ਦੇ ਕੁਲ 52 ਜ਼ਿਲ੍ਹਿਆਂ ’ਚੋਂ ਬੈਤੂਲ 9ਵੇਂ ਸਥਾਨ ’ਤੇ ਹੈ। 


author

Rakesh

Content Editor

Related News