ਦੂਨ ਸਕੂਲ ਦਾ ਇਕ ਵਿਦਿਆਰਥੀ, ਜਿਸ ਨੇ ਗੁਆਇਆ ਗਾਂਧੀ ਪਰਿਵਾਰ ਦਾ ਸਨਮਾਨ
Friday, Mar 15, 2024 - 12:32 PM (IST)
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਲੱਗਭਗ 60 ਸਾਲਾਂ ਤੱਕ ਗਾਂਧੀ ਪਰਿਵਾਰ ਦੇ ਲਾਡਲੇ ਰਹੇ ਅਤੇ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ‘ਤੀਜੇ ਪੁੱਤਰ’ ਦਾ ਦਰਜਾ ਪ੍ਰਾਪਤ ਸੀ। ਉਹ ਉਨ੍ਹਾਂ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ’ਚੋਂ ਇਕ ਸਨ, ਜੋ ਸਕੂਲ ਦੀਆਂ ਛੁੱਟੀਆਂ ’ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ‘ਤੀਨ ਮੂਰਤੀ ਆਵਾਸ’ ’ਤੇ ਰਾਜੀਵ ਅਤੇ ਸੰਜੇ ਗਾਂਧੀ ਦੇ ਨਾਲ ਰਹਿੰਦੇ ਸਨ, ਕਿਉਂਕਿ ਦੂਨ ਸਕੂਲ ’ਚ ਉਹ ਉਨ੍ਹਾਂ ਦੇ ਦੋਸਤ ਬਣ ਗਏ ਸਨ। ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ‘ਦੂਨ ਸਕੂਲ ਕਲੱਬ’ ਨੇ ਅਹਿਮ ਭੂਮਿਕਾ ਨਿਭਾਈ। ਇਹ ‘ਡਾਸਕੋ ਕਲੱਬ’ ਹੀ ਸੀ, ਜਿਸ ਨੇ ਦੇਸ਼ ’ਚ ਕਈ ਘਪਲਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੀ ਗੂੰਜ ਦਹਾਕਿਆਂ ਤੱਕ ਸੁਣੀ ਗਈ।
ਕਮਲਨਾਥ ਸੰਭਵ ਹੈ ਕਿ ਇਸ ਕਲੱਬ ਦੇ ਆਖਰੀ ਮੈਂਬਰ ਹਨ, ਜੋ ਗਾਂਧੀ ਪਰਿਵਾਰ ਦੀਆਂ ਨਜ਼ਰਾਂ ਤੋਂ ਡਿੱਗ ਗਏ ਹਨ, ਕਿਉਂਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ’ਚ ਟਿਕਟ ਵੰਡ ਨੂੰ ਲੈ ਕੇ ਸੂਬੇ ਦੇ ਏ. ਆਈ. ਸੀ. ਸੀ. ਦੇ ਸੂਬਾ ਇੰਚਾਰਜ ਦੀਆਂ ਦਲੀਲਾਂ ਨੂੰ ਨਹੀਂ ਸੁਣਿਆ, ਉਹ ਭਾਵੇਂ ਜੈ ਪ੍ਰਕਾਸ਼ ਅਗਰਵਾਲ ਹੋਣ ਜਾਂ ਰਣਦੀਪ ਸੁਰਜੇਵਾਲਾ।
ਆਖਰਕਾਰ ਕਾਂਗਰਸ ਚੋਣਾਂ ਹਾਰ ਗਈ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਪੀ. ਸੀ. ਸੀ. ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਨ ਦਾ ਫੈਸਲਾ ਕੀਤਾ। ਨਾਰਾਜ਼ ਕਮਲਨਾਥ ਨੇ ਭਾਜਪਾ ’ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਦਾਅ ਉਲਟਾ ਪੈ ਗਿਆ। ਕਾਂਗਰਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਸ਼ੁਰੂ ਤੋਂ ਹੀ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਦੇ ਖਿਲਾਫ ਸਨ ਪਰ ਸੋਨੀਆ ਗਾਂਧੀ ਇਸ ਮਾਮਲੇ ’ਚ ਭਾਰੀ ਪਈ। ਇਹ ਸ਼ੱਕ ਹਮੇਸ਼ਾ ਤੋਂ ਸੀ ਕਿ ਮੋਦੀ ਸਰਕਾਰ ਕਮਲਨਾਥ ਪ੍ਰਤੀ ਨਰਮ ਹੈ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਬਕੁਲ ਨਾਥ, ਜੋ ਅਮਰੀਕਾ ’ਚ ਐੱਨ. ਆਰ. ਆਈ. ਹਨ, ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ, ਜਦਕਿ ਉਨ੍ਹਾਂ ਦਾ ਨਾਂ ‘ਅਗਸਤਾ ਵੈਸਟਲੈਂਡ ਡੀਲ’ ’ਚ ਲਾਭਪਾਤਰੀਆਂ ਦੀ ਸੂਚੀ ’ਚ ਹੈ।
ਜਨਵਰੀ 2019 ’ਚ, ਈ. ਡੀ. ਵੱਲੋਂ ਰਾਜੀਵ ਸਕਸੈਨਾ ਦੀ ਦੁਬਈ ਤੋਂ ਹਵਾਲਗੀ ਤੋਂ ਬਾਅਦ ਬਕੁਲ ਨਾਥ ਦਾ ਨਾਂ ਸਾਹਮਣੇ ਆਇਆ ਸੀ। ਉਹ 3,000 ਕਰੋੜ ਰੁਪਏ ਦੇ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦਾ ਮਾਮਲੇ ’ਚ ਇਕ ਮਾਧਿਅਮ ਸਨ। ਈ. ਡੀ. ਨੂੰ ਦਿੱਤਾ ਗਿਆ ਸਕਸੈਨਾ ਦਾ ਬਿਆਨ 1,000 ਪੰਨਿਆਂ ਤੋਂ ਵੱਧ ਦਾ ਹੈ ਅਤੇ ਇਸ ’ਚ ਰੱਖਿਆ ਡੀਲਰ ਸੁਸ਼ੇਨ ਮੋਹਨ ਗੁਪਤਾ, ਕਮਲਨਾਥ ਦੇ ਭਤੀਜੇ ਰਤੁਲ ਪੁਰੀ, ਬਕੁਲ ਨਾਥ ਸਮੇਤ ਹੋਰ ਲੋਕਾਂ ਦੀ ਸ਼ਮੂਲੀਅਤ ਦਾ ਵੇਰਵਾ ਦਿੱਤਾ ਗਿਆ ਹੈ।
ਰਤੁਲ ਪੁਰੀ ਨੂੰ ਈ. ਡੀ. ਨੇ 2019 ’ਚ ਗ੍ਰਿਫਤਾਰ ਕੀਤਾ ਸੀ, ਕਿਉਂਕਿ ਅਪਰਾਧ ਦੀ ਕਮਾਈ ਸਾਵਨਾ ਟਰੱਸਟ ਦੀ ਮਾਲਕੀ ਵਾਲੀ ਕੰਪਨੀ ਦੇ ਜ਼ਰੀਏ ਕੀਤੀ ਗਈ ਸੀ। ਲਾਭਪਾਤਰੀ ਬਕੁਲ ਨਾਥ ਪਿਛਲੇ 5 ਸਾਲਾਂ ਤੋਂ ਭਾਰਤ ਆਉਣ ’ਚ ਅਸਮਰੱਥ ਹਨ। ਕਮਲਨਾਥ ਨੇ ਇਨ੍ਹਾਂ ਮਾਮਲਿਆਂ ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਅਤੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਵੈਸੇ, ਉਨ੍ਹਾਂ ਦੇ ਛੋਟੇ ਪੁੱਤਰ ਅਤੇ ਮੌਜੂਦਾ ਲੋਕ ਸਭਾ ਮੈਂਬਰ ਨਕੁਲ ਨਾਥ ਨੂੰ ਛਿੰਦਵਾੜਾ ਤੋਂ ਪਾਰਟੀ ਉਮੀਦਵਾਰ ਵਜੋਂ ਬਰਕਰਾਰ ਰੱਖਿਆ ਗਿਆ ਹੈ, ਕਿਉਂਕਿ ‘ਕਰੋ ਜਾਂ ਮਰੋ’ ਦੀ ਇਸ ਲੜਾਈ ’ਚ ਹਰ ਸੀਟ ਮਾਇਨੇ ਰੱਖਦੀ ਹੈ।