ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਮਿਸਾਲ ਕਾਇਮ ਕਰ ਰਿਹਾ ਦੀਨਾਨਗਰ ਦਾ ਸਰਕਾਰੀ ਸਕੂਲ
Monday, Feb 17, 2025 - 04:38 PM (IST)

ਦੀਨਾਨਗਰ(ਗੋਰਾਇਆ)- ਭਾਵੇਂ ਹੀ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਦੇ ਸਿਰ 'ਤੇ ਵਿਦੇਸ਼ ਚੜ੍ਹ ਗਿਆ ਹੈ। ਇੰਨਾ ਹੀ ਨਹੀਂ ਲੋਕ ਆਪਣੇ ਵਿਰਸੇ ਨੂੰ ਭੁੱਲ ਕੇ ਵਿਦੇਸ਼ੀ ਸਟਾਈਲ, ਖਾਣਾ-ਪੀਣ ਅਤੇ ਵਿਦੇਸ਼ੀ ਬੋਲੀ ਨੂੰ ਅਪਣਾ ਰਹੇ ਹਨ। ਕੋਈ ਸਮਾਂ ਸੀ ਜਦ ਲੋਕ ਪੰਜਾਬੀ ਭਾਸ਼ਾ ਵਿਚ ਗੱਲਬਾਤ ਕਰਦੇ ਸਨ ਪਰ ਆਪਣੇ ਆਪ ਨੂੰ ਚੰਗੇ ਪੜ੍ਹੇ ਲਿਖੇ ਅਖਾਉਣ ਲਈ ਨੌਜਵਾਨ ਪੀੜ੍ਹੀ ਵੱਲੋਂ ਪੰਜਾਬੀ ਭਾਸ਼ਾ ਦੀ ਬਜਾਏ ਹਿੰਦੀ ਅਤੇ ਅੰਗਰੇਜ਼ੀ ਨੂੰ ਜ਼ਿਆਦਾ ਇਹਮਿਅਤ ਦਿੱਤੀ ਜਾ ਰਹੀ ਹੈ।
ਪਰ ਇਸ ਸਭ ਨੂੰ ਅੱਜ ਵੀ ਮਾਤ ਦੇ ਰਿਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ। ਇਸ ਸਕੂਲ ਵਿਚ ਪੰਜਾਬੀ ਪਾਰਕ ਜੋ ਕਿ ਪੰਜਾਬੀ ਮਾਂ ਬੋਲੀ ਸਮੇਤ ਪੰਜਾਬੀ ਵਿਰਸੇ ਨੂੰ ਅੱਜ ਵੀ ਜਿਊਂਦਾ ਰੱਖਣ ਦੀ ਇਕ ਮਿਸਾਲ ਪੈਦਾ ਕਰ ਰਿਹਾ ਹੈ। ਇਸ ਸੰਬੰਧੀ ਇਕੱਤਕ ਕੀਤੀ ਜਾਣਕਾਰੀ ਅਨੁਸਾਰ ਸਕੂਲ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪੰਜਾਬੀ ਸਭਾ ਦੇ ਮੈਂਬਰ ਸੁਰਿੰਦਰ ਮੋਹਨ ਦੇ ਯਤਨ ਸਦਕਾ ਇਹ ਉਪਰਾਲਾ ਕੀਤਾ ਗਿਆ ਹੈ ਜੋ ਅੱਜ ਵੀ ਪੂਰੇ ਜ਼ਿਲ੍ਹੇ ਅੰਦਰ ਪੰਜਾਬੀ ਵਿਰਸੇ ਦੀ ਮਿਸਾਲ ਵਜੋਂ ਪੇਸ਼ ਆ ਰਿਹਾ ਹੈ। ਇਸ ਪੰਜਾਬੀ ਪਾਰਕ ਅੰਦਰ ਪਹਿਲੇ ਸਮੇਂ ਦੌਰਾਨ ਜੋ ਘਰਾਂ ਵਿੱਚ ਚੋਕੇ-ਚੂਲੇ, ਖੂਹ, ਦਾਣੇ ਪੀਣ ਵਾਲੀ ਚੱਕੀ, ਲੱਕੜ ਦੀ ਫੱਟੀ ਸਮੇਤ ਹੋਰ ਕਈ ਪੰਜਾਬੀ ਵਿਰਸੇ ਨਾਲ ਜੁੜਿਆ ਚੀਜ਼ਾਂ ਦਾ ਨਿਰਮਾਣ ਕੀਤਾ ਹੋਇਆ ਹੈ ਜੋ ਕਿ ਅੱਜ ਕੱਲ ਨੌਜਵਾਨ ਭੁੱਲ ਗਏ ਹਨ।
ਉਧਰ ਇਸ ਸੰਬੰਧੀ ਪੰਜਾਬੀ ਮਾਂ ਬੋਲੀ ਨੂੰ ਅੱਜ ਵੀ ਪਿਆਰ ਕਰਨ ਵਾਲਿਆਂ ਨੇ ਸਰਕਾਰਾਂ ਵੱਲੋਂ ਮੰਗ ਕੀਤੀ ਹੈ ਕਿ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਹੋਰ ਕਈ ਉਪਰਾਲੇ ਕਰਨ ਦੀ ਅਜੇ ਜ਼ਰੂਰਤ ਹੈ ਪਰ ਇਸ ਦੇ ਨਾਲ ਹੀ ਜਿੱਥੇ ਸਰਕਾਰਾਂ ਦੀ ਡਿਊਟੀ ਬਣਦੀ ਹੈ ਉਥੇ ਹੀ ਸਾਡੇ ਬੱਚਿਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨਾਲ ਪੰਜਾਬੀ 'ਚ ਗੱਲ ਕਰੀਏ।