ਇਸ ਸੂਬੇ ਦੇ ਸਰਜਰੀ ਲਈ ਆਏ 2 ਲੋਕਾਂ ''ਚ ਮਿਲਿਆ ਦੁਰਲੱਭ ਪ੍ਰਕਾਰ ਦਾ ਖੂਨ ਗਰੁੱਪ ਏ-ਐਂਡ
Sunday, Jul 07, 2024 - 03:10 PM (IST)
ਜੈਪੁਰ- ਰਾਜਸਥਾਨ 'ਚ 2 ਲੋਕਾਂ 'ਚ ਏ ਗਰੁੱਪ ਦੇ ਬਲੱਡ ਦਾ ਦੁਰਲੱਭ ਪ੍ਰਕਾਰ ਏ-ਐਂਡ ਮਿਲਿਆ ਹੈ। ਇਹ ਦੋਵੇਂ ਜੈਪੁਰ ਦੇ ਨਾਰਾਇਣਾ ਮਲਟੀਸਪੈਸ਼ਲਟੀ ਹਸਪਤਾਲ 'ਚ ਸਰਜਰੀ ਲਈ ਆਏ ਸਨ। ਡਾ. ਤ੍ਰਿਪਤੀ ਬਾਰੋਟ ਨੇ ਦੱਸਿਆ ਕਿ ਇਕ ਵਿਅਕਤੀ ਮਈ ਅਤੇ ਦੂਜਾ ਜੂਨ 'ਚ ਇਲਾਜ ਲਈ ਆਇਆ ਸੀ। ਇਨ੍ਹਾਂ ਨੂੰ ਖੂਨ ਚੜ੍ਹਾਉਣ ਦੀ ਲੋੜ ਪਈ ਤਾਂ ਜਾਂਚ 'ਚ ਬਲੱਡ ਗਰੁੱਪ ਦੀ ਪਛਾਣ ਨਹੀਂ ਹੋਈ। ਸਿਰਫ਼ ਇਹ ਸਾਹਮਣੇ ਆਇਆ ਕਿ ਏ ਗਰੁੱਪ ਦਾ ਕੋਈ ਸਬ ਗਰੁੱਪ ਹੈ। ਇਸ ਦਾ ਪਤਾ ਲਗਾਉਣ ਲਈ ਦੋਹਾਂ ਦੇ ਖੂਨ ਦੇ ਨਮੂਨੇ ਸੂਰਤ ਦੇ ਡਾ. ਸਨਮੁਖ ਜੋਸ਼ੀ ਕੋਲ ਭੇਜੇ। ਉਨ੍ਹਾਂ ਦੇ ਜਾਂਚ 'ਚ ਸਾਹਮਣੇ ਆਇਆ ਕਿ ਇਨ੍ਹਾਂ ਦਾ ਬਲੱਡ ਏ ਗਰੁੱਪ 'ਚ ਏ-ਐਂਡ ਪ੍ਰਕਾਰ ਦਾ ਹੈ, ਜੋ ਦੁਰਲੱਭ ਸ਼੍ਰੇਣੀ 'ਚ ਆਉਂਦਾ ਹੈ।
ਭਾਰਤ 'ਚ ਸਾਰੇ ਦੁਰਲੱਭ ਖੂਨ ਪ੍ਰਕਾਰਾਂ ਦੀ ਖੋਜ ਡਾ. ਸਨਮੁਖ ਜੋਸ਼ੀ ਨੇ ਹੀ ਕੀਤੀ ਹੈ। ਇੰਡੀਅਨ ਸੋਸਾਇਟੀ ਆਫ਼ ਬਲੱਡ ਟਰਾਂਸਫਿਊਜਨ ਐਂਡ ਇਮਊਨੋਹੇਮਟੋਲਾਜੀ ਵਲੋਂ ਪ੍ਰਕਾਸ਼ਿਤ ਏਸ਼ੀਅਨ ਜਨਰਲ ਆਫ਼ ਟਰਾਂਸਫਿਊਜਨ ਸਾਇੰਸ 'ਚ ਪ੍ਰਕਾਸ਼ਿਤ ਰਿਸਰਚ ਪੇਪਰ ਅਨੁਸਾਰ ਭਾਰਤ 'ਚ ਏ-ਐਂਡ ਬਲੱਡ ਗਰੁੱਪ ਦੇ 6 ਵਿਅਕਤੀ ਚਿੰਨ੍ਹਿਤ ਸਨ। ਰਾਜਸਥਾਨ ਦੇ 2 ਵਿਅਕਤੀਆਂ 'ਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਡਾ. ਸਨਮੁਖ ਜੋਸ਼ੀ ਨੇ ਦੱਸਿਆ ਕਿ ਭਾਰਤ 'ਚ ਇਸ ਦੁਰਲੱਭ ਖੂਨ ਪ੍ਰਕਾਰ ਦੇ ਪਹਿਲੇ ਵਿਅਕਤੀ ਦੀ ਪਛਾਣ 2016 'ਚ ਹੋਈ ਸੀ। ਅਗਲੇ 7 ਸਾਲ 'ਚ 5 ਹੋਰ ਵਿਅਕਤੀਆਂ ਦੀ ਪਛਾਣ ਹੋਈ। ਹੁਣ ਰਾਜਸਥਾਨ 'ਚ 2 ਲੋਕਾਂ 'ਚ ਇਹ ਦੁਰਲੱਭ ਗਰੁੱਪ ਮਿਲਿਆ ਹੈ। ਡਾ. ਤ੍ਰਿਪਤੀ ਬਾਰੋਟ ਅਨੁਸਾਰ ਏ-ਐਂਡ ਬਲੱਡ ਗਰੁੱਪ ਵਾਲੇ ਵਿਅਕਤੀ ਨੂੰ ਜਾਂ ਤਾਂ ਇਸੇ ਗਰੁੱਪ ਦਾ ਖੂਨ ਚੜ੍ਹਾਇਆ ਜਾ ਸਕਦਾ ਹੈ ਜਾਂ ਕ੍ਰਾਸ ਮੈਚ ਕਮਪੇਟਬਿਲਿਟੀ ਤੋਂ ਬਾਅਦ ਓ ਗਰੁੱਪ ਦਾ। ਕਿਉਂਕਿ ਪੂਰੇ ਦੇਸ਼ 'ਚ ਹੁਣ ਤੱਕ ਏ-ਐਂਡ ਪ੍ਰਕਾਰ ਦੇ 8 ਵਿਅਕਤੀਆਂ ਦੀ ਪਛਾਣ ਹੋਈ ਹੈ, ਇਸ ਲਈ ਇਸ ਗਰੁੱਪ ਦਾ ਡੋਨਰ ਮਿਲਣਾ ਅਸੰਭਵ ਜਿਹਾ ਹੈ। ਜ਼ਿਆਦਾ ਸੰਭਾਵਨਾ ਇਹੀ ਹੈ ਕਿ ਓ ਗਰੁੱਪ ਦੇ ਡੋਨਰ ਨਾਲ ਕ੍ਰਾਸ ਮੈਚ ਕਮਪੇਟੀਬਿਲਿਟੀ ਤੋਂ ਬਾਅਦ ਖੂਨ ਚੜ੍ਹਾਇਆ ਜਾਵੇ। ਦੱਸਣਯੋਗ ਹੈ ਕਿ ਦੋਹਾਂ ਮਰੀਜ਼ਾਂ ਦੀ ਸਫ਼ਲ ਸਰਜਰੀ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8