ਸ਼ੌਂਕ ਨੇ ਚਮਕਾਈ ਕਿਸਮਤ, ਗੂਗਲ ਤੋਂ ਮਿਲਿਆ 1.2 ਕਰੋੜ ਦਾ ਪੈਕੇਜ

Friday, Mar 29, 2019 - 01:21 PM (IST)

ਸ਼ੌਂਕ ਨੇ ਚਮਕਾਈ ਕਿਸਮਤ, ਗੂਗਲ ਤੋਂ ਮਿਲਿਆ 1.2 ਕਰੋੜ ਦਾ ਪੈਕੇਜ

ਮੁੰਬਈ — ਕਈ ਵਾਰ ਸ਼ੌਕ ਲਈ ਕੀਤਾ ਗਿਆ ਕੰਮ ਵੀ ਇਨਸਾਨ ਦੀ ਕਿਸਮਤ ਚਮਕਾ ਦਿੰਦਾ ਹੈ। ਅਜਿਹਾ ਹੀ ਕੁਝ ਮੁੰਬਈ ਦੇ ਇਕ 21 ਸਾਲ ਦੇ ਨੌਜਵਾਨ ਅਬਦੁੱਲਾ ਖਾਨ ਨਾਲ ਹੋਇਆ ਹੈ। ਭਾਵੇਂ ਉਹ IIT 'ਚ ਦਾਖਲੇ ਲਈ ਦਾਖਲਾ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਪਰ ਗੂਗਲ 'ਚ ਉਸਨੂੰ ਜਿਹੜਾ ਸੈਲਰੀ ਪੈਕੇਜ ਆਫਰ ਹੋਇਆ ਹੈ ਉਸ ਪੈਕੇਜ ਦਾ ਸਪਨਾ ਹਰੇਕ IItian ਦੇਖਦਾ ਹੈ। ਇਸ ਹਫਤੇ ਖਾਨ ਨੂੰ ਗੂਗਲ ਦੇ ਲੰਡਨ ਦਫਤਰ ਵਿਚ ਨੌਕਰੀ ਦਾ ਆਫਰ ਮਿਲਿਆ ਹੈ। ਉਸਦਾ ਸੈਲਰੀ ਪੈਕੇਜ 1.2 ਕਰੋੜ ਰੁਪਏ ਹੈ। ਇਹ ਪੈਕੇਜ ਸ਼ਹਿਰ ਦੇ ਗੈਰ ਆਈ.ਆਈ.ਟੀ. ਇੰਜੀਨੀਅਰਿੰਗ ਕਾਲਜ ਦੇ ਗ੍ਰੈਜੁਏਟ ਨੂੰ ਮਿਲਣ ਵਾਲੇ ਪੈਕੇਜ ਤੋਂ ਕਰੀਬ 30 ਗੁਣਾ ਜ਼ਿਆਦਾ ਹੈ। ਆਮਤੌਰ 'ਤੇ ਅਜਿਹੇ ਵਿਦਿਆਰਥੀਆਂ ਨੂੰ 4 ਲੱਖ ਰੁਪਏ ਤੱਕ ਦਾ ਸਾਲਾਨਾ ਪੈਕੇਜ ਮਿਲਦਾ ਹੈ।

ਸ਼੍ਰੀ ਐਲ.ਆਰ.ਤਿਵਾਰੀ ਇੰਜੀਨੀਅਰਿੰਗ ਕਾਲਜ, ਮੀਰਾ ਰੋਡ ਦੇ ਵਿਦਿਆਰਥੀ ਖਾਨ ਨੂੰ ਗੂਗਲ ਨੇ ਇੰਟਰਵਿਊ ਲਈ ਬੁਲਾਇਆ ਸੀ। ਉਸਦੀ ਪ੍ਰੋਫਾਈਲ ਇਕ ਅਜਿਹੀ ਸਾਈਟ 'ਤੇ ਸੀ ਜਿਹੜੀ ਕਿ ਪ੍ਰੋਗਰਾਮਿੰਗ ਨਾਲ ਸੰਬੰਧਿਤ ਮੁਕਬਾਲਾ ਆਯੋਜਿਤ ਕਰਦੀ ਹੈ। ਇਸ ਸਾਈਟ 'ਤੇ ਉਪਲੱਬਧ ਖਾਨ ਦੀ ਪ੍ਰੋਫਾਈਲ ਗੂਗਲ ਦੇ ਰਿਕਰੂਟਰਸ ਨੂੰ ਪਸੰਦ ਆ ਗਈ ਅਤੇ ਖਾਨ ਦਾ ਆਨਲਾਈਨ ਇੰਟਰਵਿਊ ਲਿਆ ਗਿਆ। ਇਸ ਤੋਂ ਬਾਅਦ ਖਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਗੂਗਲ ਦੇ ਲੰਡਨ ਸਥਿਤ ਦਫਤਰ ਵਿਚ ਫਾਈਨਲ ਸਕ੍ਰੀਨਿੰਗ ਲਈ ਆਉਣ ਲਈ ਕਿਹਾ ਗਿਆ। ਖਾਨ ਦੀ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਸਨੇ ਸਾਊਦੀ ਅਰਬ 'ਚ ਸਕੂਲ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ 12ਵੀਂ ਦੇ ਬਾਅਦ ਮੁੰਬਈ ਆ ਗਿਆ।

ਪੈਕੇਜ ਦਾ ਵੇਰਵਾ

ਖਾਨ ਨੂੰ ਜਿਹੜਾ ਪੈਕੇਜ ਮਿਲਿਆ ਹੈ ਉਸ ਵਿਚੋਂ 54.5 ਲੱਖ ਰੁਪਏ ਸਾਲਾਨਾ ਤਾਂ ਉਸਦੀ ਬੇਸ ਸੈਲਰੀ ਹੈ। ਇਸ ਤੋਂ ਇਲਾਵਾ 15 ਫੀਸਦੀ ਬੋਨਸ ਅਤੇ 4 ਸਾਲ ਤੱਕ ਲਈ 58.9 ਲੱਖ ਰੁਪਏ ਦੀ ਕੀਮਤ ਦਾ ਸਟਾਕ ਆਪਸ਼ਨ ਸ਼ਾਮਲ ਹੈ। ਫਿਲਹਾਲ ਉਹ ਬੀ.ਈ.(ਕੰਪਿਊਟਰ ਸਾਇੰਸ) ਦੇ ਆਖਰੀ ਸਾਲ ਵਿਚ ਹੈ। ਉਹ ਸਤੰਬਰ ਵਿਚ ਗੂਗਲ ਦੀ ਸਾਈਟ ਰਿਲਾਇਬਿਲਿਟੀ ਇੰਜੀਨੀਅਰਿੰਗ ਟੀਮ 'ਚ ਸ਼ਾਮਲ ਹੋਵੇਗਾ।

ਹੁਨਰ ਦੀ ਗੱਲ

ਪਿਛਲੇ ਸਾਲ ਗੂਗਲ ਦੇ ਇਕ ਅਧਿਕਾਰੀ ਨੇ ਖਾਨ ਨੂੰ ਈਮੇਲ ਕੀਤਾ ਸੀ। ਜਿਸ ਵਿਚ ਉਨ੍ਹਾਂ ਨੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਨੇ ਖਾਨ ਦੀ ਪ੍ਰੋਫਾਇਲਿੰਗ ਪ੍ਰੋਗਰਾਮਿੰਗ ਸਾਈਟ 'ਤੇ ਦੇਖੀ ਸੀ ਅਤੇ ਉਨ੍ਹਾਂ ਨੇ ਪੂਰੇ ਯੂਰਪ ਵਿਚ ਵੱਖ-ਵੱਖ ਥਾਵਾਂ 'ਤੇ ਭਰਤੀ ਕਰਨੀ ਹੈ। ਇਸ ਤੋਂ ਬਾਅਦ ਖਾਨ ਨੇ ਦੱਸਿਆ ਕਿ ਪਰ ਉਸਨੂੰ ਇੰਨਾ ਜ਼ਬਰਦਸਤ ਪੈਕੇਜ ਮਿਲਣ ਦੀ ਉਮੀਦ ਨਹੀਂਂ ਸੀ। ਉਸ ਨੇ ਕਿਹਾ ਕਿ ਮੈਂ ਸ਼ੌਂਕ ਦੇ ਤੌਰ 'ਤੇ ਪ੍ਰੋਗਰਾਮਿੰਗ ਮੁਕਾਬਲੇ ਵਿਚ ਹਿੱਸਾ ਲੈਂਦਾ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕੰਪਨੀਆਂ ਇਸ ਤਰ੍ਹਾਂ ਦੀ ਵੈਬਸਾਈਟ 'ਤੇ ਪ੍ਰੋਗਰਾਮਰਾਂ ਦੀ ਪ੍ਰੋਫਾਈਲ ਚੈੱਕ ਕਰਦੀਆਂ ਹਨ। ਮੈਂ ਆਪਣੇ ਈ-ਮੇਲ ਆਪਣੇ ਦੋਸਤ ਨੂੰ ਦਿਖਾਇਆ। ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਇਕ ਪਛਾਣ ਵਾਲੇ ਨੂੰ ਵੀ ਇਸ ਤਰ੍ਹਾਂ ਦਾ ਮੇਲ ਆਇਆ ਸੀ। ਮੈਂ ਉਨ੍ਹਾਂ ਦੀ ਟੀਮ 'ਚ ਸ਼ਾਮਲ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ। ਇਹ ਮੇਰੇ ਲਈ ਸਿਖਣ ਦਾ ਸ਼ਾਨਦਾਰ ਤਜਰਬਾ ਹੋਵੇਗਾ।


Related News