ਹੈਵਾਨ ਬਣਿਆ ਪਤੀ, ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟਿਆ ਫਿਰ ਲਾਸ਼ ਨੂੰ ਘਸੀੜਦੇ ਹੋਏ...
Saturday, Apr 12, 2025 - 02:37 PM (IST)

ਮਥੁਰਾ- ਮਥੁਰਾ ਵਿਚ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿਚ ਝਗੜੇ ਮਗਰੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਲਾਸ਼ ਨੂੰ ਖੇਤਾਂ 'ਚ ਦਫ਼ਨਾ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਜਮੁਨਾਪਾਰ ਥਾਣੇ ਦੇ ਅਧੀਨ ਸੁਖਦੇਵਪੁਰ ਪਿੰਡ ਵਿਚ ਵਾਪਰੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਸ਼ੀ ਦੇ ਭਰਾ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਖੇਤਾਂ ਵਿਚੋਂ ਬਰਾਮਦ ਕਰ ਲਿਆ ਗਿਆ ਹੈ।
ਪਤਨੀ ਨੂੰ ਛੱਤ ਤੋਂ ਦਿੱਤਾ ਧੱਕਾ ਫਿਰ ਲਾਸ਼ ਨੂੰ ਖੇਤਾਂ 'ਚ ਦਫ਼ਨਾ ਦਿੱਤਾ
ਪੁਲਸ ਮੁਤਾਬਕ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਦੋਸ਼ੀ ਵਿਜੇ ਰਾਜਮਿਸਤਰੀ ਹੈ ਅਤੇ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਵਿਵਾਦ ਮਗਰੋਂ ਆਪਣੀ 30 ਸਾਲ ਦੀ ਪਤਨੀ ਰੇਖਾ ਨੂੰ ਛੱਤ ਤੋਂ ਧੱਕਾ ਦੇ ਦਿੱਤਾ। ਪੁਲਸ ਮੁਤਾਬਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਪਤੀ ਰਾਤ ਦੇ ਸਮੇਂ ਹੀ ਲਾਸ਼ ਨੂੰ ਘਸੀੜ ਕੇ ਖੇਤਾਂ ਵਿਚ ਲੈ ਗਿਆ ਅਤੇ ਉਸ ਨੂੰ ਇਕ ਟੋਏ ਵਿਚ ਦਫ਼ਨਾ ਦਿੱਤਾ।
ਕਿਸੇ ਹੋਰ ਔਰਤ ਨਾਲ ਸਨ ਵਿਜੇ ਦੇ ਪ੍ਰੇਮ ਪ੍ਰਸੰਗ
ਅਗਲੀ ਸਵੇਰੇ ਉਸ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਦੋਂ ਉਸ ਦੇ ਪਿਤਾ ਨੇ ਰੇਖਾ ਨੂੰ ਗਾਇਬ ਪਾਇਆ ਅਤੇ ਉਸ ਬਾਰੇ ਪੁੱਛਿਆ ਤਾਂ ਵਿਜੇ ਨੇ ਉਸ ਦੇ ਕਤਲ ਕਰਨ ਦੀ ਗੱਲ ਕਬੂਲੀ। ਦੋਸ਼ੀ ਦੇ ਛੋਟੇ ਭਰਾ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਵਿਜੇ ਦਾ ਇਕ ਦਿਵਿਆਂਗ ਔਰਤ ਨਾਲ ਪ੍ਰੇਮ ਪ੍ਰਸੰਗ ਹੈ ਅਤੇ ਉਸ ਨਾਲ ਉਹ ਅਕਸਰ ਫੋਨ 'ਤੇ ਗੱਲਾਂ ਕਰਦਾ ਹੈ। ਪਤਨੀ ਰੇਖਾ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਘਟਨਾ ਦੀ ਰਾਤ ਜੋੜੇ ਵਿਚਾਲੇ ਇਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ।
ਵਿਜੇ ਨੇ ਕਬੂਲਿਆ ਆਪਣਾ ਜ਼ੁਰਮ
ਪੁਲਸ ਨੇ ਵਿਜੇ ਦੇ ਕਬੂਲਨਾਮੇ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਰੇਖਾ ਦੀ ਲਾਸ਼ ਬਰਾਮਦ ਕੀਤੀ। ਉਨ੍ਹਾਂ ਨੇ ਕਿਹਾ ਕਿ ਔਰਤ ਦੇ ਪਿਤਾ ਛਿਤਰ ਸਿੰਘ ਨੇ ਵਿਜੇ, ਉਸ ਦੇ ਵੱਡੇ ਭਰਾ ਰਾਜਕੁਮਾਰ, ਛੋਟੇ ਭਰਾ ਕਮਲ ਅਤੇ ਦਿਨੇਸ਼ ਤੇ ਮਾਤਾ-ਪਿਤਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰਨਾਂ ਖਿਲਾਫ਼ ਜਾਂਚ ਜਾਰੀ ਹੈ।