45 ਹਜ਼ਾਰ ਕਿ.ਮੀ. ਦੀ ਸਾਈਕਲ ਯਾਤਰਾ ’ਤੇ ਨਿਕਲਿਆ ਇਹ ਸ਼ਖ਼ਸ, ਮਾਂ ਦਾ ਵਿਛੋੜਾ ਵੀ ਨਹੀਂ ਰੋਕ ਸਕੇ ਕਦਮ

04/25/2022 11:29:03 AM

ਬਿਲਾਸਪੁਰ (ਮੁਕੇਸ਼ ਗੌਤਮ)– ਕਹਿੰਦੇ ਹਨ ਜੇਕਰ ਮਨ ’ਚ ਕੁਝ ਕਰਨ ਦੀ ਠਾਨ ਲਈ ਜਾਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਉਸ ਕੰਮ ਕਰਨ ਤੋਂ ਨਹੀਂ ਰੋਕ ਸਕਦੀ। ਅਜਿਹਾ ਹੀ ਕੁਝ ਕਰਨ ਦਾ ਫ਼ੈਸਲਾ ਕੀਤਾ ਨਾਗਪੁਰ ਤੋਂ ਸਾਈਕਲ ਯਾਤਰਾ ’ਤੇ ਨਿਕਲੇ ਦਲੀਪ ਭਾਰਤ ਮਲਿਕ ਨੇ। ਨਾਗਪੁਰ ਦਾ ਦਲੀਪ ਭਾਰਤ ਮਲਿਕ ਸਾਈਕਲ ’ਤੇ ਸਵਾਰ ਹੋ ਕੇ ਦੇਸ਼ ਦੀ ਯਾਤਰਾ ’ਤੇ ਨਿਕਲਿਆ ਹੈ। ਦਲੀਪ ਦੀ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਫਿਟ ਇੰਡੀਆ ਦਾ ਸੰਦੇਸ਼ ਦੇਣਾ ਹੈ। 

ਨਾਗਪੁਰ ਤੋਂ ਬੀਤੀ 26 ਜਨਵਰੀ ਨੂੰ ਸਵੇਰੇ 6 ਵਜੇ ਨਿਕਲਿਆ ਦਲੀਪ ਹੁਣ ਤੱਕ ਜੰਮੂ, ਲੇਹ, ਕਾਰਗਿਲ ਹੁੰਦੇ ਹੋਏ ਬਿਲਾਸਪੁਰ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਸਾਈਕਲ ਤੋਂ 15 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕਾ ਹੈ ਅਤੇ 45 ਹਜ਼ਾਰ 711.19 ਕਿਲੋਮੀਟਰ ਦੀ ਸਾਈਕਲ ਯਾਤਰਾ ਕਰੇਗਾ। ਇਸ ਪੂਰੇ ਸਫ਼ਰ ’ਚ ਕਈ ਮੁਸ਼ਕਲਾਂ ਆਈਆਂ ਪਰ ਉਸ ਨੇ ਡਟ ਕੇ ਉਨ੍ਹਾਂ ਦਾ ਸਾਹਮਣਾ ਕੀਤਾ।

ਦਲੀਪ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਬੀਤੀ 22 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਇਹ ਉਸ ਲਈ ਇਕ ਅਜਿਹਾ ਪਲ ਸੀ, ਜਦੋਂ ਉਸ ਨੂੰ ਵੀ ਇਕ ਪਲ ਲਈ ਲੱਗਾ ਕਿ ਵਾਪਸ ਘਰ ਪਰਤ ਜਾਣਾ ਚਾਹੀਦਾ ਹੈ ਪਰ ਫਿਰ ਟੀਚੇ ਵੱਲ ਵੇਖਿਆ ਤਾਂ ਅੱਗੇ ਵਧ ਗਿਆ। ਉਸ ਨੇ ਦੱਸਿਆ ਕਿ ਮਾਂ ਦੇ ਅੰਤਿਮ ਸੰਸਕਾਰ ’ਚ ਉਹ ਸ਼ਾਮਲ ਨਹੀਂ ਹੋ ਸਕਿਆ ਪਰ ਆਪਣੀ ਯਾਤਰਾ ਪੂਰੀ ਕਰ ਕੇ ਮਾਂ ਨੂੰ ਸ਼ਰਧਾਂਜਲੀ ਦੇਵੇਗਾ। ਉਹ ਆਪਣੇ ਮਿਸ਼ਨ ਨੂੰ ਪੂਰਾ ਕਰੇਗਾ ਅਤੇ ਇਸ ਨੂੰ ਲਿਮਕਾ ਬੁੱਕ ਆਫ਼ ਰਿਕਾਰਡ ’ਚ ਦਰਜ ਕਰਵਾਏਗਾ। ਦਲੀਪ ਨੇ ਕਿਹਾ ਕਿ ਉਹ ਸ਼ਿਮਲਾ ਹੁੰਦੇ ਹੋਏ ਬਦਰੀਨਾਥ, ਨਾਗਾਲੈਂਡ ਜਾਵੇਗਾ। ਦਲੀਪ ਨੇ ਮਾਤਾ-ਪਿਤਾ ਨੂੰ ਆਪਣੀਆਂ ਧੀਆਂ ਨੂੰ ਪੜ੍ਹਾਉਣ ਦੀ ਅਪੀਲ ਕੀਤੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। 


Tanu

Content Editor

Related News